ਨਵੀਂ ਦਿੱਲੀ— ਰਾਜਧਾਨੀ ਦਿੱਲੀ ਸਣੇ ਪੂਰੇ ਉੱਤਰੀ ਭਾਰਤ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਪਹਾੜੀ ਇਲਾਕਿਆਂ ਤੋਂ ਲੈ ਕੇ ਮੈਦਾਨਾਂ ਤਕ ਠੰਡ ਕਾਰਨ ਲੋਕ ਕੰਬ ਰਹੇ ਹਨ। ਸਾਲ ਦੇ ਆਖਰੀ ਦਿਨ ਦਿੱਲੀ 'ਚ ਮੰਗਲਵਾਰ ਨੂੰ ਘੱਟੋ-ਘੱਟ ਪਾਰਾ 4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਵਧ ਤੋਂ ਵਧ 13 ਡਿਗਰੀ ਤਕ ਪੁੱਜਣ ਦੀ ਸੰਭਾਵਨਾ ਹੈ। ਖਰਾਬ ਮੌਸਮ ਦਾ ਅਸਰ ਆਵਾਜਾਈ 'ਤੇ ਵੀ ਪੈ ਰਿਹਾ ਹੈ। ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ 450 ਉਡਾਣਾਂ ਦੇਰੀ ਨਾਲ ਜਾ ਰਹੀਆਂ ਹਨ ਜਦਕਿ 40 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ 21 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਹੈ। ਉੱਥੇ ਹੀ 34 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।
ਦਿੱਲੀ 'ਚ ਠੰਡ ਨੇ ਤੋੜਿਆ 119 ਸਾਲ ਦਾ ਰਿਕਾਰਡ—
ਇਸ ਵਾਰ ਠੰਡ ਨੇ ਦਿੱਲੀ 'ਚ 119 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸੋਮਵਾਰ ਨੂੰ ਦਿੱਲੀ 'ਚ 1901 ਮਗਰੋਂ ਸਭ ਤੋਂ ਠੰਡਾ ਦਿਨ ਰਿਹਾ। ਸੋਮਵਾਰ ਸ਼ਾਮ 5.30 ਵਜੇ ਦਿੱਲੀ ਦਾ ਵਧ ਤੋਂ ਵਧ ਤਾਪਮਾਨ 9.4 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 1901 'ਚ ਦਸੰਬਰ ਮਹੀਨੇ ਤਾਪਮਾਨ 11.3 ਡਿਗਰੀ ਦਰਜ ਕੀਤਾ ਗਿਆ ਸੀ। ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਦੇ ਕਈ ਇਲਾਕੇ ਸ਼ਿਮਲਾ ਅਤੇ ਮੰਸੂਰੀ ਤੋਂ ਵੀ ਵਧੇਰੇ ਠੰਡੇ ਹਨ।
ਨਿੱਜੀ ਏਅਰਲਾਈਨਸ ਨੇ ਜਾਰੀ ਕੀਤੀ ਐਡਵਾਇਜ਼ਰੀ—
ਇੰਡੀਗੋ ਅਤੇ ਵਿਸਤਾਰਾ ਨੇ ਆਪਣੇ ਯਾਤਰੀਆਂ ਲਈ ਯਾਤਰਾ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਤੋਂ ਉਡਾਣ ਭਰਨ ਵਾਲੀਆਂ ਕਈ ਫਲਾਈਟਾਂ ਖਰਾਬ ਮੌਸਮ ਅਤੇ ਘੱਟ ਵਿਜ਼ੀਬਿਲਟੀ ਕਾਰਨ ਪ੍ਰਭਾਵਿਤ ਹੋਈਆਂ ਹਨ, ਇਸ ਲਈ ਯਾਤਰੀ ਆਪਣੀਆਂ ਉਡਾਣਾਂ ਦਾ ਸਟੇਟਸ ਚੈੱਕ ਕਰਦੇ ਰਹਿਣ।
34 ਟਰੇਨਾਂ ਵੀ ਲੇਟ—
ਸੰਘਣੀ ਧੁੰਦ ਕਾਰਨ ਦਿੱਲੀ ਵਲੋਂ ਆਉਣ ਵਾਲੀਆਂ ਤਕਰੀਬਨ 34 ਟਰੇਨਾਂ ਆਪਣੇ ਤੈਅ ਸਮੇਂ ਤੋਂ ਲੇਟ ਆ ਰਹੀਆਂ ਹਨ। ਇਹ ਟਰੇਨਾਂ 1 ਤੋਂ 7 ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਠੰਡ ਕਾਰਨ ਪੰਜਾਬ ਤੇ ਹਰਿਆਣਾ 'ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕਈ ਖੇਤਰਾਂ 'ਚ 2-3 ਜਨਵਰੀ ਨੂੰ ਮੀਂਹ ਪੈ ਸਕਦਾ ਹੈ।
ਗਾਜ਼ੀਆਬਾਦ 'ਚ ਕਰੰਟ ਲੱਗਣ ਨਾਲ 5 ਬੱਚਿਆਂ ਸਮੇਤ 6 ਦੀ ਮੌਤ
NEXT STORY