ਨਵੀਂ ਦਿੱਲੀ - ਦਿੱਲੀ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਹੁਣ ਰਾਜਧਾਨੀ ਨੂੰ ਨਵਾਂ ਮੁੱਖ ਮੰਤਰੀ ਦੇਣ ਦੀ ਤਿਆਰੀ ’ਚ ਹੈ। ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਸ ਸਸਪੈਂਸ ਤੋਂ ਪਰਦਾ ਚੁੱਕਣ ਲਈ 19 ਫਰਵਰੀ ਨੂੰ ਸ਼ਾਮ 7 ਵਜੇ ਭਾਜਪਾ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਹੈ, ਜਿਸ ’ਚ ਭਾਜਪਾ ਵਿਧਾਇਕ ਦਲ ਦੇ ਨੇਤਾ ਦੀ ਚੋਣ ਹੋਵੇਗੀ।
ਇਸ ਬੈਠਕ ’ਚ ਕੇਂਦਰੀ ਲੀਡਰਸ਼ਿਪ ਦੇ ਕਈ ਸੀਨੀਅਰ ਨੇਤਾ ਵੀ ਮੌਜੂਦ ਰਹਿ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਹੁਦੇ ਲਈ ਕੁਝ ਪ੍ਰਮੁੱਖ ਨਾਵਾਂ ’ਤੇ ਮੰਥਨ ਚੱਲ ਰਿਹਾ ਹੈ ਅਤੇ ਆਖਰੀ ਫੈਸਲਾ ਇਸ ਬੈਠਕ ’ਚ ਹੋਵੇਗਾ। ਸੀ. ਐੱਮ. ਦੇ ਨਾਂ ’ਤੇ ਮੋਹਰ ਲੱਗਣ ਤੋਂ ਬਾਅਦ ਐੱਲ. ਜੀ. ਵੀ. ਕੇ. ਸਕਸੈਨਾ ਨਾਲ ਮੁਲਾਕਾਤ ਕਰ ਕੇ ਸਰਕਾਰ ਬਣਾਉਣ ਲਈ ਭਾਜਪਾ ਆਪਣਾ ਦਾਅਵਾ ਪੇਸ਼ ਕਰੇਗੀ।
ਇਧਰ, ਨਵੇਂ ਸੀ. ਐੱਮ. ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਸਹੁੰ ਚੁੱਕ ਸਮਾਗਮ ਵੀਰਵਾਰ (20 ਫਰਵਰੀ) ਨੂੰ ਇਤਿਹਾਸਕ ਰਾਮਲੀਲਾ ਮੈਦਾਨ ’ਚ ਸ਼ਾਨਦਾਰ ਤਰੀਕੇ ਨਾਲ ਹੋਵੇਗਾ। ਸਵੇਰੇ 11 ਵਜੇ ਸਹੁੰ ਚੁੱਕ ਸਮਾਗਮ ’ਚ ਸੀ. ਐੱਮ. ਦੇ ਨਾਲ ਹੀ 6 ਹੋਰ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਜਾਵੇਗੀ। ਇਸ ਪੂਰੇ ਪ੍ਰੋਗਰਾਮ ਨੂੰ ਦਿੱਲੀ ’ਚ ਵੱਖ-ਵੱਖ ਥਾਵਾਂ ’ਤੇ ਐੱਲ. ਸੀ. ਡੀ. ਰਾਹੀਂ ਲਾਈਵ ਵਿਖਾਉਣ ਦੀ ਵੀ ਯੋਜਨਾ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਦੇ ਉਪ-ਰਾਜਪਾਲ (ਐੱਲ. ਜੀ.) ਸਕਸੈਨਾ ਨੂੰ ਮਿਲਣ ਲਈ ਭਾਜਪਾ ਨੇਤਾ ਤਰੁਣ ਚੁੱਘ, ਵਿਨੋਦ ਤਾਵੜੇ ਅਤੇ ਵਰਿੰਦਰ ਸਚਦੇਵਾ ਪੁੱਜੇ ਸਨ। ਇਹ ਮੁਲਾਕਾਤ ਸਰਕਾਰ ਬਣਾਉਣ ਦੀ ਪ੍ਰਕਿਰਿਆ ਨੂੰ ਲੈ ਕੇ ਮੰਨੀ ਜਾ ਰਹੀ ਹੈ। ਪਾਰਟੀ ਦੇ ਸੀਨੀਅਰ ਨੇਤਾ ਅਨੁਸਾਰ ਸਹੁੰ ਚੁੱਕ ਸਮਾਗਮ ’ਚ ਲੱਗਭਗ ਇਕ ਲੱਖ ਲੋਕ ਸ਼ਾਮਲ ਰਹਿ ਸਕਦੇ ਹਨ।
ਪੀ. ਐੱਮ. ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵੱਖ-ਵੱਖ ਸੂਬਿਆਂ ਦੇ ਸੀ. ਐੱਮ., ਸੰਸਦ ਮੈਂਬਰਾਂ ਸਮੇਤ ਕਈ ਹੋਰ ਵੀ. ਆਈ. ਪੀ. ਅਤੇ ਵੱਖ-ਵਿਖ ਮੰਦਰਾਂ ਦੇ ਪੁਜਾਰੀਆਂ ਤੋਂ ਲੈ ਕੇ ਦਿੱਲੀ ਦੇ ਸਾਰੇ ਝੁੱਗੀ ਬਸਤੀ ਇਲਾਕਿਆਂ ਦੇ 250 ਪਤਵੰਤੇ ਵੀ ਇਸ ’ਚ ਸ਼ਾਮਲ ਰਹਿ ਸਕਦੇ ਹਨ।
ਮੁੱਖ ਮੰਤਰੀ ਦੀ ਦੌੜ ’ਚ ਇਹ ਵਿਧਾਇਕ ਹਨ ਸਭ ਤੋਂ ਅੱਗੇ
ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਪ੍ਰਵੇਸ਼ ਵਰਮਾ, ਵਿਜੇਂਦਰ ਗੁਪਤਾ, ਅਸੀਸ ਸੂਦ, ਮਨਜਿੰਦਰ ਸਿੰਘ ਸਿਰਸਾ, ਰੇਖਾ ਗੁਪਤਾ, ਸਤੀਸ਼ ਉਪਾਧਿਆਏ, ਜਤਿੰਦਰ ਮਹਾਜਨ, ਅਜੇ ਮਹਾਵਰ ਵਰਗੇ ਨੇਤਾ ਚਰਚਾ ’ਚ ਹਨ।
ਵਿਧਾਇਕ ਦਲ ਦੀ ਬੈਠਕ ’ਚ ਲੱਗ ਸਕਦੀ ਹੈ ਕੇਡਰ ਵਰਕਰਾਂ ਦੇ ਨਾਂ ’ਤੇ ਮੋਹਰ
ਮੰਨਿਆ ਜਾ ਰਿਹਾ ਹੈ ਕਿ ਬੈਠਕ ’ਚ ਭਾਜਪਾ ਦੇ ਰਵਾਇਤੀ ਕੇਡਰ ਵਰਕਰਾਂ ਦੇ ਨਾਂ ’ਤੇ ਵੀ ਮੋਹਰ ਲੱਗ ਸਕਦੀ ਹੈ, ਕਿਉਂਕਿ ਸੰਗਠਨ ਅਤੇ ਸੰਘ ਵੀ ਇਸ ਮਾਮਲੇ ’ਚ ਸਹਿਮਤ ਹੈ ਅਤੇ ਕਿਸੇ ਹੋਰ ਪਾਰਟੀ ਤੋਂ ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਨੂੰ ਇਸ ’ਚ ਮੌਕਾ ਮਿਲਣਾ ਲੱਗਭਗ ਨਾਮੁਮਕਿਨ ਹੈ।
Fact Check : ਮਹਾਕੁੰਭ 'ਚ DM ਨੂੰ ਮਾਰਿਆ ਗਿਆ ਥੱਪੜ ! ਇਹ ਹੈ ਵਾਇਰਲ ਵੀਡੀਓ ਦਾ ਸੱਚ
NEXT STORY