ਜੰਮੂ (ਭਾਸ਼ਾ)— ਕੋਵਿਡ-19 ਮਹਾਮਾਰੀ ਦਰਮਿਆਨ ਮਾਤਾ ਵੈਸ਼ਨੋ ਦੇਵੀ ਗੁਫ਼ਾ ਮੰਦਰ ਨਵਰਾਤਿਆਂ ਦੇ ਮੌਕੇ ’ਤੇ ਸ਼ਰਧਾਲੂਆਂ ਦੇ ਸਵਾਗਤ ਲਈ ਤਿਆਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤ੍ਰਿਕੂਟ ਪਹਾੜੀਆਂ ’ਤੇ ਸਥਿਤ ਮਾਤਾ ਦੇ ਦਰਬਾਰ ਨੂੰ ਸਜਾਉਣ ਲਈ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਪੂਰਾ ਯਾਤਰਾ ਮਾਰਗ ਫੁੱਲਾਂ ਦੀ ਖੁਸ਼ਬੂ ਨਾਲ ਮਹਿਕ ਉਠਿਆ ਹੈ। ਚੇਤ ਨਵਰਾਤਿਆਂ ’ਤੇ ਮਾਂ ਦੇ ਦਰਸ਼ਨਾਂ ਲਈ ਭਗਤਾਂ ’ਚ ਕਾਫੀ ਉਤਸ਼ਾਹ ਹੈ।
ਨਵਰਾਤਿਆਂ ਦੇ ਮੌਕੇ ’ਤੇ ਮਾਤਾ ਵੈਸ਼ਨੇ ਦੇਵੀ ਸ਼ਰਾਈਨ ਬੋਰਡ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਨੇ ਭਵਨ ਅਤੇ ਸ਼ਰਧਾਲੂਆਂ ਲਈ ਹੋਰ ਥਾਵਾਂ ’ਤੇ ਕੀਤੀ ਗਈ ਵਿਵਸਥਾ ਦੀ ਸੋਮਵਾਰ ਨੂੰ ਸਮੀਖਿਆ ਕੀਤੀ।
ਸ਼ਰਾਈਨ ਬੋਰਡ ਨੇ ਭਗਤਾਂ ਲਈ ਕੀਤੇ ਇੰਤਜ਼ਾਮ-
ਅਧਿਕਾਰੀਆਂ ਨੇ ਦੱਸਿਆ ਕਿ ਕੁਮਾਰ ਨੇ ਕਟੜਾ, ਦਰਸ਼ਨੀ ਦੇਵੜੀ, ਬਾਣਗੰਗਾ, ਅਰਧਕੁਵਾਰੀ, ਤਾਰਾਕੋਟ ਮਾਰਗ, ਸਾਂਝੀ ਛੱਤ, ਹਿਮਕੋਟੀ ਮਾਰਗ, ਭਵਨ, ਭੈਰੋਂ ਕੰਪਲੈਕਸ ਅਤੇ ਕਟੜਾ ਤੋਂ ਭਵਨ ਤੱਕ ਹੋਰ ਥਾਵਾਂ ’ਤੇ ਯਾਤਰਾ ਰਜਿਸਟ੍ਰੇਸ਼ਨ ਕਾਊਂਟਰ ’ਤੇ ਕੀਤੀ ਗਈ ਵਿਵਸਥਾ ਦਾ ਜਾਇਜ਼ਾ ਵੀ ਲਿਆ। ਭਵਨ, ਯਾਤਰਾ ਮਾਰਗ ਸਮੇਤ ਅਰਧਕੁਵਾਰੀ ਸਥਲ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ।
ਭਵਨ ਮਾਰਗ ’ਤੇ ਕਈ ਥਾਵਾਂ ਵਿਚ ਪ੍ਰਵੇਸ਼ ਦੁਆਰ ਬਣਾਏ ਗਏ ਹਨ। ਇਸ ਵਾਰ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਮੰਦਰ ਕੰਪਲੈਕਸ ਨੂੰ ਕਈ ਵਾਰ ਸੈਨੇਟਾਈਜ਼ਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕੋਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਸਮਾਜਿਕ ਦੂਰੀ ਅਤੇ ਕੋਰੋਨਾ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕਰਵਾਇਆ ਜਾ ਰਿਹਾ ਹੈ।
ਕੋਵਿਡ-19 ਪ੍ਰੋਟੋਕਾਲ ਦੇ ਪਾਲਣ ਦਾ ਨਿਰਦੇਸ਼-
ਮਾਤਾ ਵੈਸ਼ਨੇ ਦੇਵੀ ਦੇ ਦਰਬਾਰ ’ਚ ਜਾਣ ਵਾਲੇ ਭਗਤਾਂ ਦਾ ਆਰ. ਟੀ. ਪੀ. ਸੀ. ਆਰ. ਕਰਵਾਉਣਾ ਜ਼ਰੂਰੀ ਹੈ। ਰਿਪੋਰਟ ਵਿਖਾ ਕੇ ਮੰਦਰ ’ਚ ਐਂਟਰੀ ਕਰਨ ਦਾ ਆਗਿਆ ਦਿੱਤੀ ਜਾਵੇਗੀ। ਅਧਿਕਾਰੀਆਂ ਮੁਤਾਬਕ ਸ਼ਾਂਤੀ, ਖ਼ੁਸ਼ਹਾਲੀ ਅਤੇ ਚੰਗੀ ਸਿਹਤ ਲਈ ਸ਼ਤ ਚੰਡੀ ਮਹਾ ਯੱਗ ਦੀ ਵੀ ਵਿਵਸਥਾ ਕੀਤੀ ਗਈ ਹੈ। ਤਿਉਹਾਰ ਦੌਰਾਨ ਰੋਜ਼ਾਨਾ ਦਿਨ ਵਿਚ ਸਾਢੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਯੱਗ ਦਾ ਟੀ. ਵੀ. ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਬੰਗਾਲ ’ਚ ਸਿਆਸੀ ਭੂਚਾਲ: ਚੋਣ ਕਮਿਸ਼ਨ ਦੀ ਕਾਰਵਾਈ ਖਿਲਾਫ ਧਰਨੇ ’ਤੇ ਬੈਠੀ ਮਮਤਾ
NEXT STORY