ਜੰਮੂ- ਅੱਜ ਤੋਂ ਚੇਤ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਪ੍ਰਸਿੱਧ ਦੇਵੀ ਮਾਂ ਦੇ ਮੰਦਰਾਂ ’ਚ ਨਤਮਸਤਕ ਹੋਣ ਲਈ ਜਾਂਦੇ ਹਨ। ਮਾਤਾ ਰਾਨੀ ਦੇ ਸਭ ਤੋਂ ਪ੍ਰਸਿੱਧ ਮੰਦਰਾਂ ਦੀ ਗੱਲ ਕੀਤੀ ਜਾਵੇ ਤਾਂ ਜੰਮੂ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਹਨ।
ਨਰਾਤਿਆਂ ਮੌਕੇ ਇਸ ਵਾਰ ਵੀ ਮਾਤਾ ਵੈਸ਼ਨੋ ਦੇਵੀ ਦਾ ਭਵਨ ਦੁਲਹਨ ਵਾਂਗ ਸਜਾਇਆ ਗਿਆ ਹੈ। ਵੈਸ਼ਨੋ ਦੇਵੀ ਭਵਨ ਨੂੰ ਦੇਸੀ-ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਹੈ।
ਮਾਤਾ ਦੇ ਭਵਨ ’ਚ ਨਰਾਤਿਆਂ ਦੌਰਾਨ ਹਰ ਦਿਨ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚੇ ਹਨ ਅਤੇ ਮਾਂ ਦੇ ਦਰਸ਼ਨ ਕਰਦੇ ਹਨ। ਰਾਤ ਦੇ ਸਮੇਂ ਰੰਗ-ਬਿਰੰਗੀ ਰੌਸ਼ਨੀ ’ਚ ਡੁੱਬਿਆ ਮੰਦਰ ਕੰਪਲੈਕਸ ਦੇਵਲੋਕ ਦਾ ਅਹਿਸਾਸ ਕਰਵਾ ਰਿਹਾ ਹੈ।
ਖ਼ਾਸ ਗੱਲ ਇਹ ਹੈ ਕਿ ਇਸ ਵਾਰ ਸ਼ਰਧਾਲੂਆਂ ਦੀ ਆਵਾਜਾਈ ’ਤੇ ਕੋਈ ਰੋਕ ਨਹੀਂ ਹੈ। ਇਸ ਵਾਰ ਸ਼ਰਧਾਲੂਆਂ ਦੇ ਸਵਾਗਤ ਲਈ ਸਥਾਨਕ ਲੋਕਾਂ ਨੇ ਕਟੜਾ ਨੂੰ ਦੁਲਹਨ ਵਾਂਗ ਸਜਾਇਆ ਹੈ। ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ ਹੀ 12.50 ਲੱਖ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ। ਸ਼ਰਾਈਨ ਬੋਰਡ ਦੇ ਇਕ ਅਧਿਕਾਰੀ ਮੁਤਾਬਕ ਪਾਬੰਦੀਆਂ ਹਟਣ ਮਗਰੋਂ ਰੋਜ਼ਾਨਾ ਆਧਾਰ ’ਤੇ 40,000 ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।
ਮਾਤਾ ਦੇ ਦਰਸ਼ਨਾਂ ਲਈ ਆਏ ਤੀਰਥ ਯਾਤਰੀਆਂ ’ਚ ਕਾਫੀ ਉਤਸ਼ਾਹ ਹੈ। ਤੀਰਥ ਯਾਤਰੀਆਂ ਦਾ ਕਹਿਣਾ ਹੈ ਕਿ ਮਾਤਾ ਦਾ ਬੁਲਾਵਾ ਆਇਆ ਹੈ ਤਾਂ ਅਸੀਂ ਅੱਜ ਆਏ ਹਾਂ, ਸਾਨੂੰ ਬਹੁਤ ਖੁਸ਼ੀ ਹੈ ਕਿ ਮਾਤਾ ਦੇ ਦਰਸ਼ਨ ਕਰਨ ਦਾ ਮੌਕਾ ਨਰਾਤਿਆਂ ਦੌਰਾਨ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਹਿੰਦੂ ਧਰਮ ’ਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦੌਰਾਨ ਮਾਂ ਦੁਰਗਾ ਦੇ 9 ਸਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਵਿਧੀ-ਵਿਧਾਨ ਨਾਲ ਪੂਜਾ ਕਰਦੇ ਹਨ। ਬਹੁਤ ਸਾਰੇ ਭਗਤ ਵਰਤ ਵੀ ਰੱਖਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਵੀ ਮਾਂ ਦੁਰਗਾ ਦੇ 9 ਸਰੂਪਾਂ ਦੀ ਸ਼ਰਧਾ ਭਾਵਨਾ ਨਾਲ ਪੂਜਾ ਕਰਦਾ ਹੈ, ਮਾਂ ਉਸ ਦੀ ਹਰ ਮਨੋਕਾਮਨਾ ਪੂਰੀ ਕਰਦੀ ਹੈ।
ਸਾਬਰਮਤੀ ਆਸ਼ਰਮ ਪਹੁੰਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਚਲਾਇਆ ਚਰਖਾ, ਕਰਨਗੇ ਰੋਡ ਸ਼ੋਅ
NEXT STORY