ਅੰਬਾਲਾ- ਜਦੋਂ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੂੰ ਵੱਖਰੀ ਮਾਨਤਾ ਦਿੱਤੀ ਗਈ ਹੈ, ਉੱਦੋਂ ਤੋਂ ਸਿਆਸਤ ਭਖੀ ਹੋਈ ਹੈ। ਇਕ-ਦੂਜੇ ਉੱਪਰ ਦੂਸ਼ਣਬਾਜ਼ੀ ਦਾ ਦੌਰ ਜਾਰੀ ਹੈ। ਇਸ ਸਭ ਦਰਮਿਆਨ HSGMC ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਜ਼ਰੀਏ ਉਨ੍ਹਾਂ ਨੇ ਜਥੇਦਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਕੱਤਰਤਾਵਾਂ 'ਤੇ ਲਾਈ ਰੋਕ ਸਬੰਧੀ ਫ਼ੈਸਲੇ 'ਤੇ ਮੁੜ ਤੋਂ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।
ਇਸ ਚਿੱਠੀ ਵਿਚ ਧਮੀਜਾ ਨੇ 14 ਅਗਸਤ ਨੂੰ ਸ੍ਰੀ ਪੰਜੋਖਰਾ ਸਾਹਿਬ, ਅੰਬਾਲਾ ਵਿਖੇ ਹੋਈ ਮੀਟਿੰਗ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹੰਤ ਕਰਮਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਖਿਆਲੀ ਬੇਅਦਬੀ ਦਾ ਦੋਸ਼ ਲਾ ਕੇ ਸਾਰੇ ਦੇਸ਼-ਪ੍ਰਦੇਸ਼ ਦੀ ਸੰਗਤ ਵਿਚ ਅਰਾਜਕਤਾ ਫੈਲਾਉਣ ਦਾ ਕੰਮ ਕੀਤਾ ਹੈ, ਜੋ ਬਹੁਤ ਹੀ ਨਿੰਦਣਯੋਗ ਹੈ। ਇਸ ਨਾਲ ਹਰਿਆਣਾ ਦੇ ਗੁਰੂ ਘਰਾਂ ਅਤੇ ਵਿੱਦਿਅਕ ਅਦਾਰਿਆਂ ਦੇ ਕੰਮਾਂ 'ਚ ਰੁਕਾਵਟ ਆਵੇਗੀ ਅਤੇ ਮਹੰਤ ਆਪਣੀਆਂ ਮਨਮਾਨੀਆਂ ਪਹਿਲਾਂ ਵਾਂਗ ਹੀ ਜਾਰੀ ਰੱਖੇਗਾ। ਦਰਅਸਲ HSGMC ਦੇ ਪ੍ਰਧਾਨ ਅਤੇ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਬਲਜੀਤ ਸਿੰਘ ਦਾਦੂਵਾਲ ਅਤੇ ਧਮੀਜਾ ਦੋਵਾਂ ਨੇ ਮੀਟਿੰਗ ਵਿਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਬਰਖਾਸਤ ਕਰਨ ਲਈ ਅਕਾਲ ਤਖ਼ਤ ਤੱਕ ਪਹੁੰਚ ਕਰਨਗੇ। ਮਹੰਤ ਨੇ ਦਾਦੂਵਾਲ 'ਤੇ ਗਬਨ ਦੇ ਦੋਸ਼ ਵੀ ਲਾਏ ਸਨ।
ਦੱਸਣਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ 14 ਅਗਸਤ ਨੂੰ ਗੁਰਦੁਆਰਾ ਪੰਜੋਖਰਾ ਸਾਹਿਬ ਵਿਚ ਹੋਈ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਕੁਝ ਮੈਂਬਰਾਂ ਨਾਲ ਹੱਥੋਪਾਈ, ਕੁੱਟਮਾਰ ਅਤੇ ਕਥਿਤ ਤੌਰ 'ਤੇ ਗਾਲੀ-ਗਲੋਚ ਕਰਦੇ ਦਿਖਾਈ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਹੋਰ ਵਧ ਗਿਆ ਹੈ। ਵੀਡੀਓ ਵਿਚ HSGMC ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਅਤੇ ਮੈਂਬਰ ਬਲਜੀਤ ਸਿੰਘ ਦਾਦੂਵਾਲ (HSGMC ਦੀ ਕਾਰਜਕਾਰਨੀ ਦਾ ਮੈਂਬਰ ਨਹੀਂ) ਗੁਰਦੁਆਰਾ ਬਾਡੀ ਦੇ ਸੰਯੁਕਤ ਸਕੱਤਰ ਮੋਹਨਜੀਤ ਸਿੰਘ ਉੱਤੇ ਚੀਕਦੇ ਹੋਏ ਦਿਖਾਈ ਦਿੰਦੇ ਹਨ ਜਦੋਂ ਕਿ ਪ੍ਰਧਾਨ ਮਹੰਤ ਕਰਮਜੀਤ ਸਿੰਘ ਬੇਵੱਸ ਖੜ੍ਹੇ ਹਨ।
ਧਮੀਜਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮਹੰਤ ਕਰਮਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੱਚਾਈ ਦਾ ਖੁਲਾਸਾ ਕਰਨ ਲਈ ਜਾਂਚ ਕਮੇਟੀ ਬਣਾਈ ਜਾਵੇ। ਧਮੀਜਾ ਨੇ ਕਿਹਾ ਕਿ ਗੁਰੂ ਦੀ ਮਰਿਆਦਾ ਅਨੁਸਾਰ ਨਸ਼ੇ ਦਾ ਸੇਵਨ ਕਰਨ ਵਾਲਾ ਸਿੱਖ ਸੰਸਥਾ ਦਾ ਮੈਂਬਰ ਜਾਂ ਪ੍ਰਧਾਨ ਨਹੀਂ ਹੋ ਸਕਦਾ। ਮਹੰਤ ਕਰਮਜੀਤ ਸਿੰਘ 'ਤੇ ਨਸ਼ੇ ਦਾ ਸੇਵਨ ਕਰਨ ਦੇ ਦੋਸ਼ ਹਨ। ਧਮੀਜਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ ਵਿਚ ਇਹ ਵੀ ਬੇਨਤੀ ਕੀਤੀ ਹੈ ਕਿ ਮਹੰਤ ਦਾ ਡੋਪ ਟੈਸਟ ਅਤੇ ਬ੍ਰਹਮਚਾਰੀ ਟੈਸਟ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਣਾਈ 5 ਮੈਂਬਰੀ ਕਮੇਟੀ ਦੀ ਦੇਖ-ਰੇਖ ਵਿਚ ਕਰਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਪ ਜੀ ਵਲੋਂ ਲਾਈ ਗਈ ਪ੍ਰਬੰਧਕੀ ਇਕੱਤਰਤਾ ਨਾਲ ਹਰਿਆਣਾ ਕਮੇਟੀ ਦੇ ਸਾਰੇ ਕੰਮ ਠੱਪ ਹੋ ਜਾਣਗੇ। ਇਸ ਲਈ ਬੇਨਤੀ ਹੈ ਕਿ ਜਨਰਲ ਇਜ਼ਲਾਸ ਦੀ ਇਜਾਜ਼ਤ ਦਿੱਤੀ ਜਾਵੇ।
ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ
NEXT STORY