ਛਤਰਪੁਰ, (ਏਜੰਸੀ)-ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਲੈ ਕੇ ਕੀਤੀ ਗਈ ਆਪਣੀ ਟਿੱਪਣੀ ’ਤੇ ਵਿਵਾਦ ਵਧਣ ਤੋਂ ਬਾਅਦ ਮੁਆਫ਼ੀ ਮੰਗ ਲਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਭਗਵਾਨ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਵਿਚਾਲੇ ਕਿਸੇ ਤਰ੍ਹਾਂ ਦਾ ਅੰਤਰ ਦੱਸਣ ਦੀ ਨਹੀਂ ਸੀ ਅਤੇ ਜੇਕਰ ਉਨ੍ਹਾਂ ਦੀਆਂ ਗੱਲਾਂ ਨਾਲ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਦੇ ਲਈ ਮੁਆਫੀ ਮੰਗਦੇ ਹਨ।
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਦੇ ਕਰੈਰਾ ਵਿਚ ਆਯੋਜਿਤ ਰਾਮਕਥਾ ਦੌਰਾਨ ਸ਼ਾਸਤਰੀ ਨੇ ਭਗਵਾਨ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਦੇ ਸਰੂਪ ਦੀ ਤੁਲਨਾ ਕਰਦੇ ਹੋਏ ਕਿਹਾ ਸੀ ਕਿ ਸ਼੍ਰੀ ਰਾਮ ਸਿੱਧੇ ਹਨ, ਜਦਕਿ ਸ਼੍ਰੀ ਕ੍ਰਿਸ਼ਨ ਤਿੰਨ ਥਾਵਾਂ ਤੋਂ ਟੇਢੇ ਹੋ ਕੇ ਖੜ੍ਹੇ ਹੁੰਦੇ ਹਨ। ਉਨ੍ਹਾਂ ਨੇ ਸ਼੍ਰੀ ਕ੍ਰਿਸ਼ਨ ਦੀ ਤ੍ਰਿਭੰਗ ਮੁਦਰਾ, ਬੰਸਰੀ ਅਤੇ ਵ੍ਰਿੰਦਾਵਨ ਦਾ ਜ਼ਿਕਰ ਕਰਦੇ ਹੋਏ ਅਯੁੱਧਿਆ ਅਤੇ ਵ੍ਰਿੰਦਾਵਨ ਦੀ ਤੁਲਨਾ ਵੀ ਕੀਤੀ ਸੀ। ਉਨ੍ਹਾਂ ਦੀ ਇਸ ਟਿੱਪਣੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮਥੁਰਾ-ਵ੍ਰਿੰਦਾਵਨ ਦੇ ਸੰਤਾਂ ਅਤੇ ਕ੍ਰਿਸ਼ਨ ਭਗਤਾਂ ਨੇ ਇਤਰਾਜ਼ ਪ੍ਰਗਟਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਭਗਵਾਨ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਦੋਵੇਂ ਬਰਾਬਰ ਰੂਪ ’ਚ ਪੂਜਣਯੋਗ ਹਨ ਅਤੇ ਉਨ੍ਹਾਂ ਦੀ ਤੁਲਨਾ ਇਸ ਤਰ੍ਹਾਂ ਕਰਨਾ ਉਚਿਤ ਨਹੀਂ ਹੈ।
ਵਿਵਾਦ ਤੋਂ ਬਾਅਦ ਸ਼ਾਸਤਰੀ ਨੇ ਕੀਨੀਆ ਦੇ ਨੈਰੋਬੀ ਤੋਂ ਸੋਸ਼ਲ ਮੀਡੀਆ ’ਤੇ ਵੀਡੀਓ ਸੰਦੇਸ਼ ਜਾਰੀ ਕਰ ਕੇ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਭਗਤੀ ਰਵਾਇਤ ਅਤੇ ਬ੍ਰਜ ਦੀ ਪ੍ਰੇਮਪੂਰਨ ਪ੍ਰਗਟਾਵੇ ਦੇ ਸੰਦਰਭ ਵਿਚ ਸੀ। ਉਨ੍ਹਾਂ ਦਾ ਮਕਸਦ ਕਿਸੇ ਭਗਵਾਨ ਦਾ ਅਪਮਾਨ ਕਰਨਾ ਜਾਂ ਦੋਵਾਂ ਦੇ ਵਿਚਾਲੇ ਫ਼ਰਕ ਕਰਨਾ ਨਹੀਂ ਸੀ।
ਮੱਧ ਪ੍ਰਦੇਸ਼ ’ਚ ਜ਼ਹਿਰੀਲੀ ਸ਼ਰਾਬ ਕਾਂਡ ਨੂੰ ਲੈ ਕੇ ਕਾਂਗਰਸੀ ਆਗੂ ਗ੍ਰਿਫ਼ਤਾਰ
NEXT STORY