ਜੰਮੂ : ਜੰਮੂ-ਕਸ਼ਮੀਰ ਵਿੱਚ ਵਿਕਾਸ ਨੂੰ ਨਵੀਂ ਰਫ਼ਤਾਰ ਦਿੰਦੇ ਹੋਏ ਭਾਰਤੀ ਰੇਲਵੇ 30 ਅਪ੍ਰੈਲ 2026 ਤੋਂ ਜੰਮੂ ਅਤੇ ਸ੍ਰੀਨਗਰ ਵਿਚਾਲੇ ਸਿੱਧੀ 'ਵੰਦੇ ਭਾਰਤ' ਟ੍ਰੇਨ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਇਹ ਟ੍ਰੇਨ ਆਪਣੀ ਉਦਘਾਟਨੀ ਯਾਤਰਾ ਦੌਰਾਨ 20 ਕੋਚਾਂ ਦੇ ਨਾਲ ਲਗਭਗ 266.66 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।
ਘਾਟੀ ਦੇ ਸਖ਼ਤ ਮੌਸਮ ਅਤੇ ਜ਼ੀਰੋ ਤੋਂ ਹੇਠਾਂ ਤਾਪਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਟ੍ਰੇਨ ਵਿੱਚ ਖਾਸ "ਵਿੰਟਰਾਈਜ਼ੇਸ਼ਨ" (Winterization) ਸਹੂਲਤਾਂ ਦਿੱਤੀਆਂ ਗਈਆਂ ਹਨ। ਪਹਿਲੀ ਵਾਰ, ਪਾਣੀ ਦੀਆਂ ਪਾਈਪਾਂ ਨੂੰ ਜੰਮਣ ਤੋਂ ਬਚਾਉਣ ਲਈ ਸੈਲਫ-ਰੇਗੂਲੇਟਿੰਗ ਹੀਟਿੰਗ ਕੇਬਲ ਅਤੇ ਪਾਣੀ ਦੀਆਂ ਟੈਂਕੀਆਂ ਵਿੱਚ 1800W ਦੇ ਹੀਟਿੰਗ ਪੈਡ ਲਗਾਏ ਗਏ ਹਨ। ਇਸ ਤੋਂ ਇਲਾਵਾ, ਬਰਫ਼ਬਾਰੀ ਅਤੇ ਧੁੰਦ ਦੌਰਾਨ ਡਰਾਈਵਰ ਨੂੰ ਸਾਫ਼ ਦਿਖਾਈ ਦੇਵੇ, ਇਸ ਲਈ ਵਿੰਡਸ਼ੀਲਡ ਵਿੱਚ ਵੀ ਹੀਟਿੰਗ ਸਿਸਟਮ ਲਗਾਇਆ ਗਿਆ ਹੈ।
ਇਹ ਟ੍ਰੇਨ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦੇ ਯੋਗ ਹੈ। ਯਾਤਰੀਆਂ ਦੀ ਸਹੂਲਤ ਲਈ ਇਸ ਵਿੱਚ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਕੋਚ, ਆਟੋਮੈਟਿਕ ਦਰਵਾਜ਼ੇ, ਐਲਈਡੀ ਲਾਈਟਿੰਗ ਅਤੇ ਸੀਸੀਟੀਵੀ ਨਿਗਰਾਨੀ ਵਰਗੀਆਂ ਆਧੁਨਿਕ ਸਹੂਲਤਾਂ ਮੌਜੂਦ ਹਨ। ਉਦਘਾਟਨੀ ਯਾਤਰਾ ਦੌਰਾਨ ਇਹ ਟ੍ਰੇਨ ਬਿਜਬੇਹਰਾ ਵਿਖੇ ਵੀ ਰੁਕੇਗੀ।
ਰੇਲਵੇ ਅਧਿਕਾਰੀਆਂ ਅਨੁਸਾਰ, ਇਹ ਸੇਵਾ ਨਾ ਸਿਰਫ਼ ਸਫ਼ਰ ਨੂੰ ਸੁਖਾਲਾ ਬਣਾਏਗੀ, ਸਗੋਂ ਖੇਤਰ ਵਿੱਚ ਵਪਾਰ, ਸੈਰ-ਸਪਾਟੇ ਅਤੇ ਸਥਾਨਕ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਦੇਵੇਗੀ। ਇਹ ਟ੍ਰੇਨ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਲਈ ਇੱਕ ਮਜ਼ਬੂਤ ਕੜੀ ਵਜੋਂ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 6 ਜੂਨ 2025 ਨੂੰ ਕਟੜਾ ਤੋਂ ਸ੍ਰੀਨਗਰ ਲਈ ਟ੍ਰੇਨ ਸੇਵਾ ਸ਼ੁਰੂ ਕੀਤੀ ਗਈ ਸੀ।
ਪੁੰਛ 'ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕਾ, ਜਵਾਕ ਗੰਭੀਰ ਜ਼ਖਮੀ
NEXT STORY