ਨਵੀਂ ਦਿੱਲੀ (ਏਜੰਸੀ)- ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਲੋਕਪਾਲ ਨੇ 'ਅਧਿਕਾਰ ਖੇਤਰ ਤੋਂ ਬਾਹਰ' ਹੋਣ ਦਾ ਹਵਾਲਾ ਦਿੰਦੇ ਹੋਏ ਸਾਬਕਾ ਚੀਫ ਜਸਟਿਸ ਡੀ. ਵਾਈ. ਚੰਦਰਚੂੜ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਵਾਲੀ ਇਕ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਹੈ। ਇਹ ਜਾਣਕਾਰੀ ਇਕ ਅਧਿਕਾਰਤ ਹੁਕਮ ’ਚ ਦਿੱਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ 18 ਅਕਤੂਬਰ, 2024 ਨੂੰ ਸਾਬਕਾ ਚੀਫ਼ ਜਸਟਿਸ ਵਿਰੁੱਧ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ’ਚ ਇਕ ਨੇਤਾ ਤੇ ਇਕ ਸਿਆਸੀ ਪਾਰਟੀ ਨੂੰ ਲਾਭ ਪਹੁੰਚਾਉਣ ਤੇ ਬਚਾਉਣ ਲਈ ਭ੍ਰਿਸ਼ਟਾਚਾਰ ਅਤੇ ਅਹੁਦੇ ਦੀ ਦੁਰਵਰਤੋਂ ਦਾ ਦੋਸ਼ ਲਾਇਆ ਗਿਆ ਸੀ।
ਜਸਟਿਸ ਚੰਦਰਚੂੜ 10 ਨਵੰਬਰ 2024 ਨੂੰ ਸੇਵਾਮੁਕਤ ਹੋਏ ਸਨ। ਲੋਕਪਾਲ ਨੇ ਆਪਣੇ ਹੁਕਮਾਂ ’ਚ ਇਸ ਪੱਖ ਦੀ ਵਿਸਥਾਰ ਨਾਲ ਜਾਂਚ ਕੀਤੀ ਹੈ ਕਿ ਕੀ ਅਹੁਦਾ ਸੰਭਾਲ ਰਿਹਾ ਕੋਈ ਚੀਫ਼ ਜਸਟਿਸ ਜਾਂ ਸੁਪਰੀਮ ਕੋਰਟ ਦਾ ਜੱਜ ਲੋਕਪਾਲ ਤੇ ਲੋਕ ਆਯੁਕਤ ਐਕਟ ਦੀ ਧਾਰਾ 14 ਅਧੀਨ ਉਸ ਦੇ ਅਧਿਕਾਰ ਖੇਤਰ ਅਧੀਨ ਹੈ? ਇਸ ਤੋਂ ਬਾਅਦ ਉਨ੍ਹਾਂ ਨੇ 382 ਪੰਨਿਆਂ ਵਾਲੀ ਸ਼ਿਕਾਇਤ ’ਚ ਲਾਏ ਗਏ ਵੱਖ-ਵੱਖ ਦੋਸ਼ਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਤੋਂ ਬਚਣ ਦਾ ਫੈਸਲਾ ਕੀਤਾ। 3 ਜਨਵਰੀ ਦੇ ਹੁਕਮ ’ਚ ਕਿਹਾ ਗਿਆ ਕਿ ਅਸੀਂ ਅੱਗੇ ਕੁਝ ਨਹੀਂ ਕਹਾਂਗੇ। ਲੋਕਪਾਲ ਦੇ ਚੇਅਰਮੈਨ ਜਸਟਿਸ ਏ. ਐੱਮ ਖਾਨਵਿਲਕਰ ਤੇ 5 ਹੋਰ ਮੈਂਬਰਾਂ ਵੱਲੋਂ ਪਾਸ ਕੀਤੇ ਗਏ ਹੁਕਮ ਵਿਚ ਕਿਹਾ ਗਿਆ ਕਿ ਅਸੀਂ ਇਸ ਸ਼ਿਕਾਇਤ ਨੂੰ ਅਧਿਕਾਰ ਖੇਤਰ ਤੋਂ ਬਾਹਰ ਮੰਨ ਕੇ ਇਸ ਦਾ ਨਿਪਟਾਰਾ ਕਰਦੇ ਹਾਂ। ਹੁਕਮਾਂ ’ਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਕਾਨੂੰਨ ਅਧੀਨ ਹੋਰ ਉਪਾਅ ਕਰਨ ਲਈ ਆਜ਼ਾਦ ਹੈ।
ਛੱਤੀਸਗੜ੍ਹ ਨਕਸਲ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ: ਅਮਿਤ ਸ਼ਾਹ
NEXT STORY