ਪਟਨਾ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਬਿਹਾਰ ਦੇ ਲੋਕਾਂ ਨੂੰ 'ਨਵੇਂ ਮਖੌਟੇ ’ਚ ‘ਜੰਗਲ ਰਾਜ’ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ।
ਸ਼ਨੀਵਾਰ ਇੱਥੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਉਮੀਦ ਜਤਾਈ ਕਿ ਰਾਸ਼ਟਰੀ ਜਮਹੂਰੀ ਗੱਠਜੋੜ ਬਿਹਾਰ ’ਚ ਸੱਤਾ ਬਰਕਰਾਰ ਰੱਖੇਗਾ। ਰਾਸ਼ਟਰੀ ਜਨਤਾ ਦਲ ਦੀ ਅਗਵਾਈ ਵਾਲਾ ‘ਇੰਡੀਅਾ’ ਗੱਠਜੋੜ ਅਸਲ ’ਚ ‘ਜੰਗਲ ਰਾਜ ਦਾ ਇਕ ਨਵਾਂ ਰੂਪ’ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਰਾਜਗ ਨੇ ਬਿਹਾਰ ਨੂੰ ਸਥਿਰਤਾ ਤੇ ਤਰੱਕੀ ਦੇ ਰਾਹ ਤੇ ਅੱਗੇ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਮੈਂ ਬਿਹਾਰ ਦੇ ਲੋਕਾਂ ਦਾ ਆਸ਼ੀਰਵਾਦ ਲੈਣ ਆਇਆ ਹਾਂ। ਪਿਛਲੇ 20 ਸਾਲਾਂ ’ਚ ਅਸੀਂ ਇਸ ਰਾਜ ਨੂੰ ਨਰਕ ’ਚੋਂ ਬਾਹਰ ਕੱਢਿਆ ਹੈ। ਹੁਣ ਇਸ ਮਜ਼ਬੂਤ ਨੀਂਹ ’ਤੇ ਇਕ ਮਜ਼ਬੂਤ ਢਾਂਚਾ ਬਣਾਉਣ ਦਾ ਸਮਾਂ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜੰਗਲ ਰਾਜ ਲਿਆਉਣ ਵਾਲਿਆਂ ’ਤੇ ਭਰੋਸਾ ਨਾ ਕਰਨ, ਭਾਵੇਂ ਉਹ ਨਵੇਂ ਚਿਹਰੇ ਜਾਂ ਗਠਜੋੜ ਦੇ ਰੂਪ ’ਚ ਹੀ ਕਿਉਂ ਨਾ ਆਉਣ।
ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਰਾਜਗ ਨੂੰ ਇਕ ਹੋਰ ਮੌਕਾ ਦਿੱਤਾ ਜਾਵੇ। ਇਹ ਸਾਨੂੰ ਪਿਛਲੇ ਸਾਲਾਂ ’ਚ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਿਹਾਰ ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ ਤਰੱਕੀ ਨੂੰ ਜਾਰੀ ਰੱਖਣ ’ਚ ਮਦਦ ਕਰੇਗਾ।
ਭਾਜਪਾ ਨੇਤਾ ਨੇ ਸਾਬਕਾ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਇਕ ਸਾਲ ਪੁਰਾਣੀ ਜਨ ਸੁਰਾਜ ਪਾਰਟੀ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਬਾਰੇ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਪਾਰਟੀ ਇਕ ਛੁਪਾ ਰੁਸਤਮ ਹੋ ਸਕਦੀ ਹੈ।
ਜਦੋਂ ਜਨ ਸੁਰਾਜ ਪਾਰਟੀ ਵੱਲੋਂ ਭਾਜਪਾ ਦੇ ਕਈ ਸੂਬਾਈ ਨੇਤਾਵਾਂ ਵਿਰੁੱਧ ਲਾਏ ਗਏ ਗੰਭੀਰ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਸ਼ਾਹ ਨੇ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਕਿਸ਼ੋਰ ਨੇ ਇਕ ਨਵੀਂ ਪਾਰਟੀ ਬਣਾਈ ਹੈ । ਉਹ ਪਹਿਲੀ ਵਾਰ ਚੋਣਾਂ ਲੜ ਰਹੇ ਹਨ। ਅਸੀਂ ਵੋਟਾਂ ਦੀ ਗਿਣਤੀ ਤੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਉਨ੍ਹਾਂ ਬਾਰੇ ਗੱਲ ਕਰਾਂਗੇ।
ਰੀਲਜ਼ ਤੋਂ ਡੀਲਜ਼ ਤੱਕ : ਈ. ਡੀ. ਨੇ ਇੰਸਟਾਗ੍ਰਾਮ ‘ਕੁਈਨ’ ਨੂੰ ਫੜਿਆ
NEXT STORY