ਨਵੀਂ ਦਿੱਲੀ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। 26 ਦਸੰਬਰ ਵੀਰਵਾਰ ਨੂੰ ਉਨ੍ਹਾਂ ਨੇ 92 ਸਾਲ ਦੀ ਉਮਰ ਵਿਚ ਦਿੱਲੀ ਏਮਜ਼ 'ਚ ਆਖ਼ਰੀ ਸਾਹ ਲਿਆ। ਉਹ 2004 ਤੋਂ 2014 ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਡਾ. ਸਿੰਘ ਦਾ ਅੰਤਿਮ ਸੰਸਕਾਰ ਨਿਗਮਬੋਧ ਘਾਟ 'ਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਹਾਲਾਂਕਿ ਉਨ੍ਹਾਂ ਦੀ ਯਾਦਗਾਰ ਬਣਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ। ਮਨਮੋਹਨ ਸਿੰਘ ਦੇ ਪਰਿਵਾਰ ਨੂੰ ਯਾਦਗਾਰ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਪਰਿਵਾਰ ਨੇ ਯਾਦਗਾਰ ਨੂੰ ਲੈ ਕੇ ਸਰਕਾਰ ਨਾਲ ਸਹਿਮਤੀ ਜਤਾਈ ਹੈ। ਸੂਤਰਾਂ ਦੀ ਮੰਨੀਏ ਤਾਂ ਅਗਲੇ 3-4 ਦਿਨਾਂ ਵਿਚ ਯਾਦਗਾਰ ਦੀ ਥਾਂ ਦਾ ਫੈਸਲਾ ਕਰ ਲਿਆ ਜਾਵੇਗਾ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਰਾਸ਼ਟਰੀ ਰਾਜਧਾਨੀ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਹੈ। ਯਾਦਗਾਰ ਦੇ ਫੈਸਲੇ ਬਾਰੇ ਕਾਂਗਰਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਪਰ ਇਹ ਵੀ ਕਿਹਾ ਕਿ ਯਾਦਗਾਰ ਬਣਾਉਣ ਲਈ ਢੁਕਵੀਂ ਥਾਂ ਲੱਭਣ ਲਈ ਕੁਝ ਦਿਨ ਲੱਗਣਗੇ। ਦਰਅਸਲ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਡਾ. ਮਨਮੋਹਨ ਸਿੰਘ ਦੇ ਅੰਤਿਮ ਸਸਕਾਰ ਅਤੇ ਯਾਦਗਾਰ ਬਣਾਉਣ ਨੂੰ ਲੈ ਕੇ ਗੱਲਬਾਤ ਕੀਤੀ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਯਾਦਗਾਰ ਬਣਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਸੀ।
ਦੱਸ ਦੇਈਏ ਕਿ ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਅਤੇ ਸਮਾਰਕ ਲਈ ਜਗ੍ਹਾ ਨਾ ਮਿਲਣਾ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਦਾ ਜਾਣਬੁੱਝ ਕੇ ਅਪਮਾਨ ਹੈ। ਕਾਂਗਰਸ ਨੇ ਇਹ ਮੁੱਦਾ ਉਦੋਂ ਚੁੱਕਿਆ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਸਿੰਘ ਦਾ ਅੰਤਿਮ ਸਸਕਾਰ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਨਿਗਮਬੋਧ ਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।
ਪੰਜ ਤੱਤਾਂ 'ਚ ਵਿਲੀਨ ਹੋਏ ਡਾ.ਮਨਮੋਹਨ ਸਿੰਘ, ਧੀ ਨੇ ਦਿੱਤੀ ਮੁੱਖ ਅਗਨੀ
NEXT STORY