ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਨੇਤਾ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਿਆਸੀ ਹਥਿਆਰ ਵਜੋਂ ਕੰਮ ਕਰ ਰਿਹਾ ਹੈ ਅਤੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਫੋਨ ਹਾਸਲ ਕਰ ਕੇ 'ਆਪ' ਦੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਦੀਆਂ ਜਾਣਕਾਰੀਆਂ ਲੈਣਾ ਚਾਹੁੰਦਾ ਹੈ। 'ਆਪ' ਦੇ ਕੌਮੀ ਕਨਵੀਨਰ ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ 1 ਅਪ੍ਰੈਲ ਤੱਕ ਕੇਂਦਰੀ ਜਾਂਚ ਏਜੰਸੀ ਦੀ ਹਿਰਾਸਤ 'ਚ ਹਨ। ਇੱਥੇ ਇੱਕ ਪ੍ਰੈੱਸ ਕਾਨਫਰੰਸ 'ਚ ਆਤਿਸ਼ੀ ਨੇ ਦੋਸ਼ ਲਾਇਆ ਕਿ ਈਡੀ ਵੱਲੋਂ ਕੇਜਰੀਵਾਲ ਦੇ ਮੋਬਾਈਲ ਫੋਨ ਦੀ ਜਾਂਚ ਕਰਨ ’ਤੇ ਜ਼ੋਰ ਦੇਣਾ ਸਾਬਿਤ ਕਰਦਾ ਹੈ ਕਿ ਇਹ ਏਜੰਸੀ ਭਾਜਪਾ ਦੇ ‘ਸਿਆਸੀ ਹਥਿਆਰ’ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮੋਬਾਈਲ ਫ਼ੋਨ ਕੁਝ ਮਹੀਨੇ ਪੁਰਾਣਾ ਹੈ ਅਤੇ ਇਹ ਉਦੋਂ ਨਹੀਂ ਸੀ, ਜਦੋਂ ਨੀਤੀ ਬਣਾਈ ਅਤੇ ਲਾਗੂ ਕੀਤੀ ਗਈ ਸੀ।
ਕੇਜਰੀਵਾਲ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਕਿਹਾ,''ਦਰਅਸਲ ਇਹ ਭਾਜਪਾ ਹੈ ਨਾ ਕਿ ਈਡੀ ਜੋ ਇਹ ਜਾਣਨਾ ਚਾਹੁੰਦੀ ਹੈ ਕਿ ਕੇਜਰੀਵਾਲ ਦੇ ਫੋਨ 'ਚ ਕੀ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਆਬਕਾਰੀ ਨੀਤੀ 2021-22 'ਚ ਲਾਗੂ ਕੀਤੀ ਗਈ ਸੀ ਅਤੇ ਮੁੱਖ ਮੰਤਰੀ ਦਾ ਮੌਜੂਦਾ ਫ਼ੋਨ ਕੁਝ ਮਹੀਨੇ ਪੁਰਾਣਾ ਹੈ। ਆਤਿਸ਼ੀ ਮੁਤਾਬਕ ਈਡੀ ਨੇ ਕਿਹਾ ਹੈ ਕਿ ਉਸ ਸਮੇਂ ਦਾ ਕੇਜਰੀਵਾਲ ਦਾ ਫੋਨ ਉਪਲੱਬਧ ਨਹੀਂ ਹੈ ਅਤੇ ਹੁਣ ਉਹ ਉਨ੍ਹਾਂ ਦੇ ਨਵੇਂ ਫ਼ੋਨ ਦਾ ਪਾਸਵਰਡ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ,''ਉਹ ਇਸ ਲਈ ਫ਼ੋਨ ਚਾਹੁੰਦੇ ਹਨ ਕਿਉਂਕਿ ਉਹ ਇਸ 'ਚ 'ਆਪ' ਦੀ ਲੋਕ ਸਭਾ ਚੋਣ ਰਣਨੀਤੀ, ਪ੍ਰਚਾਰ ਮੁਹਿੰਮ ਦੀਆਂ ਯੋਜਨਾਵਾਂ, 'ਇੰਡੀਆ' ਗਠਜੋੜ ਦੇ ਨੇਤਾਵਾਂ ਨਾਲ ਗੱਲਬਾਤ ਦੀਆਂ ਜਾਣਕਾਰੀਆਂ ਅਤੇ ਮੀਡੀਆ ਤੇ ਸੋਸ਼ਲ ਮੀਡੀਆ ਰਣਨੀਤੀ ਨਾਲ ਜੁੜੀ ਸੂਚਨਾ ਲੱਭ ਲੈਣਗੇ।'' ਕੁਝ ਵਿਰੋਧੀ ਪਾਰਟੀਆਂ ਨੇ ਸੰਸਦੀ ਚੋਣ 'ਚ ਭਾਜਪਾ ਨੂੰ ਚੁਣੌਤੀ ਦੇਣ ਲਈ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਗਠਜੋੜ ਬਣਾਇਆ ਹੈ, ਜਿਸ 'ਚ 'ਆਪ', ਤ੍ਰਿਣਮੂਲ ਕਾਂਗਰਸ, ਕਾਂਗਰਸ, ਦ੍ਰਵਿੜ ਮੁਨੇਤਰ ਕੜਗਮ ਅਤੇ ਸਮਾਜਵਾਦੀ ਪਾਰਟੀ ਵੀ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : 30-31 ਮਾਰਚ ਨੂੰ ਬੰਦ ਰਹਿਣਗੇ ਦੇਸ਼ ਦੇ ਇਸ ਸੂਬੇ ਦੇ ਪੈਟਰੋਲ ਪੰਪ, ਨਹੀਂ ਮਿਲੇਗਾ ਤੇਲ
NEXT STORY