ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇਕ ਵਿਅਕਤੀ ਦੀ ਦਰਦ ਭਰੀ ਕਹਾਣੀ ਸਾਹਮਣੇ ਆਈ ਹੈ, ਜਿੱਥੇ ਪ੍ਰੇਮ ਵਿਆਹ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਪੜ੍ਹਾ-ਲਿਖਾ ਕੇ ਸਰਕਾਰੀ ਨੌਕਰੀ ਦਿਵਾਈ ਪਰ ਬਾਅਦ 'ਚ ਉਹੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ। ਕਾਨਪੁਰ ਦੇ ਸ਼ਿਵਾਂਸ਼ੂ ਅਵਸਥੀ ਅਤੇ ਮੀਨਾਕਸ਼ੀ ਸ਼ੁਕਲਾ ਦੀ ਪ੍ਰੇਮ ਕਹਾਣੀ ਨੇ ਵਿਆਹ ਦੇ 15 ਸਾਲ ਬਾਅਦ ਤਲਾਕ ਲੈ ਲਿਆ। ਦੋਹਾਂ ਨੇ 2008 'ਚ ਲਵ ਮੈਰਿਜ ਕੀਤੀ ਸੀ ਪਰ ਕੁਝ ਸਮੇਂ ਬਾਅਦ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਰਿਸ਼ਤੇ 'ਚ ਖਟਾਸ ਆ ਗਈ ਅਤੇ ਮਾਮਲਾ ਤਲਾਕ ਤੱਕ ਪਹੁੰਚ ਗਿਆ। ਆਓ ਜਾਣਦੇ ਹਾਂ ਇਸ ਰਿਸ਼ਤੇ ਦੀ ਪੂਰੀ ਕਹਾਣੀ...
ਲਵ ਸਟੋਰੀ ਪੜ੍ਹਾਈ ਤੋਂ ਸ਼ੁਰੂ ਹੋਈ ਸੀ
ਕਾਨਪੁਰ ਦੇ ਯਸ਼ੋਦਾ ਨਗਰ ਦੇ ਵਸਨੀਕ ਸ਼ਿਵਾਂਸ਼ੂ ਅਵਸਥੀ ਅਤੇ ਮੀਨਾਕਸ਼ੀ ਸ਼ੁਕਲਾ ਦੀ ਮੁਲਾਕਾਤ ਕਾਨਪੁਰ ਯੂਨੀਵਰਸਿਟੀ 'ਚ ਬੀ.ਫਾਰਮਾ ਦੌਰਾਨ ਹੋਈ। ਦੋਸਤੀ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਪਿਆਰ 'ਚ ਬਦਲ ਗਈ ਅਤੇ 2008 'ਚ ਦੋਹਾਂ ਨੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਦੋਹਾਂ ਦੇ ਪਰਿਵਾਰ ਖੁਸ਼ ਸਨ। ਹੌਲੀ-ਹੌਲੀ ਉਨ੍ਹਾਂ ਦੇ ਦੋ ਬੱਚੇ ਵੀ ਹੋਏ। ਉਸ ਸਮੇਂ ਮੀਨਾਕਸ਼ੀ ਕੰਮ ਨਹੀਂ ਕਰ ਰਹੀ ਸੀ, ਜਦਕਿ ਸ਼ਿਵਾਂਸ਼ੂ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ।
ਸਰਕਾਰੀ ਨੌਕਰੀ ਤੋਂ ਬਾਅਦ ਰਿਸ਼ਤੇ 'ਚ ਆਈ ਖਟਾਸ
ਸ਼ਿਵਾਂਸ਼ੂ ਦੱਸਦਾ ਹੈ ਕਿ ਮੀਨਾਕਸ਼ੀ ਦੇ ਸੁਫ਼ਨੇ ਉੱਚੇ ਸਨ ਅਤੇ ਉਹ ਸਰਕਾਰੀ ਨੌਕਰੀ ਕਰਨਾ ਚਾਹੁੰਦੀ ਸੀ। ਸ਼ਿਵਾਂਸ਼ੂ ਨੇ ਆਪਣੀ ਪਤਨੀ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਉਸ ਨੂੰ ਕੋਚਿੰਗ ਕਰਵਾਈ ਅਤੇ 2009-10 'ਚ ਬੀ.ਐੱਡ. ਪੂਰਾ ਕਰਵਾਇਆ। ਆਖਿਰਕਾਰ 2015 'ਚ ਮੀਨਾਕਸ਼ੀ ਨੂੰ ਸਰਕਾਰੀ ਟੀਚਰ ਦੀ ਨੌਕਰੀ ਮਿਲ ਗਈ। ਦੋਸ਼ ਹੈ ਕਿ ਸਰਕਾਰੀ ਨੌਕਰੀ ਮਿਲਦੇ ਹੀ ਮੀਨਾਕਸ਼ੀ ਦਾ ਵਿਵਹਾਰ ਬਦਲ ਗਿਆ। ਉਸ ਨੇ ਸ਼ਿਵਾਂਸ਼ੂ ਦੇ ਘਰ ਰਹਿਣ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਸ਼ਿਵਾਂਸ਼ੂ ਦੀ ਮਾਂ ਬੀਮਾਰ ਰਹਿੰਦੀ ਹੈ ਅਤੇ ਉਸ ਦੀ ਦੇਖਭਾਲ ਲਈ ਨੌਕਰ ਰੱਖਣਾ ਚਾਹੀਦਾ। ਇਸ ਗੱਲ ਨੂੰ ਲੈ ਕੇ ਪਰਿਵਾਰ 'ਚ ਕਾਫ਼ੀ ਵਿਵਾਦ ਹੋਇਆ ਅਤੇ ਮੀਨਾਕਸ਼ੀ ਘਰ ਛੱਡ ਕੇ ਚਲੀ ਗਈ। ਉਹ ਛੋਟੇ ਬੇਟੇ ਨੂੰ ਨਾਲ ਲੈ ਕੇ ਇਟਾਵਾ 'ਚ ਰਹਿਣ ਲੱਗੀ ਅਤੇ ਉੱਥੇ ਨੌਕਰੀ ਕਰਨ ਲੱਗੀ, ਬਾਅਦ 'ਚ ਉਸ ਦਾ ਟਰਾਂਸਫਰ ਓਰੈਯਾ 'ਚ ਹੋ ਗਿਆ।
ਤਲਾਕ ਵੱਲ ਕਦਮ
ਸ਼ਿਵਾਂਸ਼ੂ ਨੇ ਆਪਣੀ ਪਤਨੀ ਨੂੰ ਵਾਪਸ ਲਿਆਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਮੀਨਾਕਸ਼ੀ ਵਾਪਸ ਨਹੀਂ ਆਈ। ਇਸ ਦੌਰਾਨ ਮੀਨਾਕਸ਼ੀ ਨੇ ਵੱਡੇ ਬੇਟੇ ਦੀ ਕਸਟਡੀ ਲਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਅਤੇ ਸ਼ਿਵਾਂਸ਼ੂ 'ਤੇ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਵੀ ਦਰਜ ਕਰਵਾਇਆ। ਤੰਗ ਆ ਕੇ ਸ਼ਿਵਾਂਸ਼ੂ ਨੇ ਤਲਾਕ ਲਈ ਅਰਜ਼ੀ ਦਾਇਰ ਕੀਤੀ। ਮੀਨਾਕਸ਼ੀ ਅਦਾਲਤ ਦੀਆਂ ਤਾਰੀਖ਼ਾਂ 'ਤੇ ਨਹੀਂ ਆਈ, ਜਿਸ ਕਾਰਨ ਸ਼ਿਵਾਂਸ਼ੂ ਨੇ ਇਕਤਰਫਾ ਤਲਾਕ ਦੀ ਅਪੀਲ ਕੀਤੀ। ਅਦਾਲਤ ਨੇ ਸ਼ਿਵਾਂਸ਼ੂ ਦੀ ਅਰਜ਼ੀ ਸਵੀਕਾਰ ਕਰ ਲਈ ਅਤੇ ਉਸ ਨੂੰ ਤਲਾਕ ਦੇ ਦਿੱਤਾ। ਸ਼ਿਵਾਂਸ਼ੂ ਦੇ ਵਕੀਲ ਅਨੁਸਾਰ ਅਦਾਲਤ ਨੇ ਸਵੀਕਾਰ ਕੀਤਾ ਕਿ ਜੋੜਾ ਲੰਬੇ ਸਮੇਂ ਤੋਂ ਇਕੱਠੇ ਨਹੀਂ ਰਹਿ ਰਿਹਾ ਹੈ ਅਤੇ ਪਤਨੀ ਅਦਾਲਤ 'ਚ ਹਾਜ਼ਰ ਨਹੀਂ ਹੋ ਰਹੀ ਹੈ, ਇਸ ਲਈ ਸ਼ਿਵਾਂਸ਼ੂ ਤਲਾਕ ਦਾ ਹੱਕਦਾਰ ਹੈ। ਹਾਲਾਂਕਿ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਪੁੱਤਰ ਦੀ ਕਸਟਡੀ ਦਾ ਮਾਮਲਾ ਅਜੇ ਅਦਾਲਤ 'ਚ ਪੈਂਡਿੰਗ ਹੈ, ਜਿਸ ਦਾ ਫ਼ੈਸਲਾ ਬਾਅਦ 'ਚ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੰਗਾਪੁਰ 'ਚ ਖੋਲ੍ਹਿਆ ਜਾਵੇਗਾ ਤਿਰੂਵੱਲੂਵਰ ਸੱਭਿਆਚਾਰਕ ਕੇਂਦਰ; PM ਮੋਦੀ ਦਾ ਐਲਾਨ
NEXT STORY