ਕੱਛ- ਗੁਜਰਾਤ ਦੇ ਕੱਛ ਦੇ ਤਪਦੇ ਰੇਗਿਸਤਾਨ 'ਚ ਇਕ ਅਜਿਹੇ ਨੰਨ੍ਹੇ 'ਰਾਜਕੁਮਾਰ' ਦਾ ਜਨਮ ਹੋਇਆ ਹੈ, ਜਿਸ ਦੀ ਸੁਰੱਖਿਆ ਲਈ ਕਿਸੇ ਵੱਡੇ ਨੇਤਾ ਵਾਂਗ 50 ਜਾਬਾਂਜ਼ ਜਵਾਨਾਂ ਦਾ ਦਿਨ-ਰਾਤ ਦਾ ਸਖ਼ਤ ਪਹਿਰਾ ਲਗਾ ਦਿੱਤਾ ਗਿਆ ਹੈ। ਇਹ ਨੰਨ੍ਹਾ ਮਹਿਮਾਨ ਕੋਈ ਆਮ ਚਿੜੀ ਨਹੀਂ, ਸਗੋਂ ਦੁਨੀਆ ਦੀਆਂ ਸਭ ਤੋਂ ਦੁਰਲੱਭ ਪ੍ਰਜਾਤੀਆਂ 'ਚੋਂ ਇਕ 'ਗ੍ਰੇਟ ਇੰਡੀਅਨ ਬਸਟਰਡ' (Great Indian Bustard) ਭਾਵ 'ਗੋਡਾਵਣ' ਦਾ ਚੂਚਾ ਹੈ।
10 ਸਾਲਾਂ ਬਾਅਦ ਵਧਿਆ ਕੁਨਬਾ
ਗੁਜਰਾਤ ਦੀ ਧਰਤੀ 'ਤੇ ਇਸ ਪੰਛੀ ਦੇ ਕੁਨਬੇ 'ਚ 10 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਵਾਧਾ ਹੋਇਆ ਹੈ। 26 ਮਾਰਚ 2026 ਨੂੰ ਜਨਮੇ ਇਸ ਬੱਚੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਜੰਗਲਾਤ ਵਿਭਾਗ ਨੇ ਇਸ ਨੂੰ ਕਿਸੇ 'ਰਾਜਕੁਮਾਰ' ਵਰਗਾ ਰੁਤਬਾ ਦਿੱਤਾ ਹੈ ਅਤੇ ਇਸ ਦੀ ਹਿਫਾਜ਼ਤ ਲਈ ਸੁਰੱਖਿਆ ਦੇ ਅਜਿਹੇ ਪ੍ਰਬੰਧ ਕੀਤੇ ਹਨ ਕਿ ਰਸਤੇ ਤੱਕ ਬੰਦ ਕਰ ਦਿੱਤੇ ਗਏ ਹਨ।
ਸੁਰੱਖਿਆ ਦੇ ਅਜਿਹੇ ਪ੍ਰਬੰਧ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ
ਨੋ-ਮੈਂਸ ਲੈਂਡ: ਇਸ ਚੂਚੇ ਦੀ ਸੁਰੱਖਿਆ ਲਈ 50 ਤੋਂ ਵੱਧ ਜੰਗਲਾਤ-ਕਰਮੀ ਤਾਇਨਾਤ ਕੀਤੇ ਗਏ ਹਨ, ਜੋ ਤਿੰਨ ਸ਼ਿਫਟਾਂ 'ਚ ਡਿਊਟੀ ਨਿਭਾ ਰਹੇ ਹਨ। ਆਸ-ਪਾਸ ਦੇ ਇਲਾਕੇ ਨੂੰ 'ਨੋ-ਮੈਂਸ ਲੈਂਡ' ਬਣਾ ਦਿੱਤਾ ਗਿਆ ਹੈ ਅਤੇ ਆਮ ਲੋਕਾਂ ਦੀ ਆਵਾਜਾਈ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।
ਉੱਚ ਪੱਧਰੀ ਨਿਗਰਾਨੀ: ਵਾਚ ਟਾਵਰਾਂ ਤੋਂ ਦੂਰਬੀਨ ਅਤੇ ਸਪੋਟਿੰਗ ਸਕੋਪ ਰਾਹੀਂ ਹਰ ਪਲ ਦੀ ਖ਼ਬਰ ਰੱਖੀ ਜਾ ਰਹੀ ਹੈ ਅਤੇ ਇਸ ਦੀ ਰਿਪੋਰਟ ਸਿੱਧੀ ਗਾਂਧੀਨਗਰ ਅਤੇ ਅਹਿਮਦਾਬਾਦ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।
ਸ਼ਿਕਾਰੀਆਂ ਤੋਂ ਬਚਾਅ ਲਈ ਅਨੋਖਾ ਜੁਗਾੜ: ਚੂਚੇ ਨੂੰ ਕੁੱਤਿਆਂ ਅਤੇ ਲੂੰਬੜੀਆਂ ਵਰਗੇ ਸ਼ਿਕਾਰੀ ਜਾਨਵਰਾਂ ਤੋਂ ਬਚਾਉਣ ਲਈ ਜੰਗਲਾਤ ਵਿਭਾਗ ਨੇ ਇਲਾਕੇ ਦੇ ਜਲ-ਸਰੋਤਾਂ ਨੂੰ ਜਾਣਬੁੱਝ ਕੇ ਸੁਕਾ ਦਿੱਤਾ ਹੈ, ਤਾਂ ਜੋ ਪਾਣੀ ਦੀ ਭਾਲ 'ਚ ਕੋਈ ਜੰਗਲੀ ਜਾਨਵਰ ਉੱਥੇ ਨਾ ਆਵੇ।
ਟਰੈਕਿੰਗ ਅਤੇ ਪਾਬੰਦੀਆਂ
ਟੁੱਟੀਆਂ ਵਾੜਾਂ ਠੀਕ ਕਰ ਦਿੱਤੀਆਂ ਗਈਆਂ ਹਨ ਅਤੇ ਪਿੰਡ ਵਾਸੀਆਂ ਨੂੰ ਮਵੇਸ਼ੀ ਚਰਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਮਾਦਾ ਗੋਡਾਵਣ 'ਤੇ ਵੀ ਟ੍ਰੈਕਿੰਗ ਟੈਗ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਖ਼ਤਰੇ ਦੀ ਸੂਰਤ 'ਚ ਟੀਮ ਮਿੰਟਾਂ ਵਿੱਚ ਮੌਕੇ 'ਤੇ ਪਹੁੰਚ ਸਕੇ। ਜੰਗਲਾਤ ਵਿਭਾਗ ਦੀ ਇਹ ਮਿਹਨਤ ਅਤੇ ਸਖ਼ਤ ਪਹਿਰਾ ਪ੍ਰਕਿਰਤੀ ਪ੍ਰੇਮੀਆਂ ਲਈ ਉਮੀਦ ਦੀ ਇੱਕ ਨਵੀਂ ਕਿਰਨ ਹੈ, ਤਾਂ ਜੋ ਇਹ ਦੁਰਲੱਭ ਪ੍ਰਜਾਤੀ ਇਕ ਵਾਰ ਫਿਰ ਅਸਮਾਨ 'ਚ ਉੱਚੀ ਉਡਾਣ ਭਰ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਲਈ Good News ! 32,00,000 ਸਿਲੰਡਰਾਂ ਜਿੰਨੀ ਗੈਸ ਵਾਲੇ ਇਕ ਹੋਰ ਜਹਾਜ਼ ਨੇ ਪਾਰ ਕੀਤਾ ਹਾਰਮੁਜ਼
NEXT STORY