ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਘਰੇਲੂ ਗੈਸ ਕੁਨੈਕਸ਼ਨਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਉਨ੍ਹਾਂ ਘਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲ LPG (ਸਿਲੰਡਰ) ਅਤੇ PNG (ਪਾਈਪ ਵਾਲੀ ਗੈਸ) ਦੋਵੇਂ ਕੁਨੈਕਸ਼ਨ ਹਨ। ਸਰਕਾਰ ਦਾ ਉਦੇਸ਼ ਦੋਹਰੇ ਕੁਨੈਕਸ਼ਨਾਂ ਦੀ ਦੁਰਵਰਤੋਂ ਨੂੰ ਰੋਕਣਾ ਅਤੇ ਸਬਸਿਡੀ ਪ੍ਰਣਾਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਜਿਨ੍ਹਾਂ ਖਪਤਕਾਰਾਂ ਕੋਲ ਪਹਿਲਾਂ ਹੀ ਪੀ.ਐਨ.ਜੀ. (PNG) ਕੁਨੈਕਸ਼ਨ ਹੈ, ਉਨ੍ਹਾਂ ਨੂੰ ਹੁਣ ਨਵਾਂ ਐਲ.ਪੀ.ਜੀ. ਕੁਨੈਕਸ਼ਨ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਸਿਲੰਡਰ ਰਿਫਿਲ ਕਰਨ ਦੀ ਇਜਾਜ਼ਤ ਹੋਵੇਗੀ। 14 ਮਾਰਚ ਨੂੰ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹੇ ਖਪਤਕਾਰਾਂ ਨੂੰ ਆਪਣਾ ਐਲ.ਪੀ.ਜੀ. ਕੁਨੈਕਸ਼ਨ ਲਾਜ਼ਮੀ ਤੌਰ 'ਤੇ ਸਰੈਂਡਰ ਕਰਨਾ ਹੋਵੇਗਾ।
ਸਰਕਾਰ ਅਨੁਸਾਰ ਇਹ ਕਦਮ ਦੇਸ਼ ਵਿੱਚ ਪੀ.ਐਨ.ਜੀ. ਨੈੱਟਵਰਕ ਦੇ ਵਿਸਤਾਰ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵਵਿਆਪੀ ਊਰਜਾ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਦੇ ਮੱਦੇਨਜ਼ਰ ਐਲ.ਪੀ.ਜੀ. 'ਤੇ ਦਬਾਅ ਘੱਟ ਕਰਨ ਲਈ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਆਪਣੀ ਲੋੜ ਦਾ ਲਗਭਗ 50 ਪ੍ਰਤੀਸ਼ਤ ਕੁਦਰਤੀ ਗੈਸ ਅਤੇ 60 ਪ੍ਰਤੀਸ਼ਤ ਐਲ.ਪੀ.ਜੀ. ਦਰਾਮਦ (import) ਕਰਦਾ ਹੈ। ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਕਾਰਨ ਊਰਜਾ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਸਰਕਾਰ ਨੇ ਨਵੇਂ ਐਲ.ਪੀ.ਜੀ. ਕੁਨੈਕਸ਼ਨ ਜਾਰੀ ਕਰਨ 'ਤੇ ਵੀ ਫਿਲਹਾਲ ਰੋਕ ਲਗਾ ਦਿੱਤੀ ਹੈ।
ਪੈਟਰੋਲੀਅਮ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ 43,000 ਤੋਂ ਵੱਧ ਐਲ.ਪੀ.ਜੀ. ਖਪਤਕਾਰ ਆਪਣੇ ਕੁਨੈਕਸ਼ਨ ਸਰੈਂਡਰ ਕਰ ਚੁੱਕੇ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਨਵੀਂ ਵਿਵਸਥਾ ਉਨ੍ਹਾਂ ਘਰਾਂ ਨੂੰ ਪਹਿਲ ਦੇਣ ਲਈ ਹੈ, ਜਿਨ੍ਹਾਂ ਕੋਲ ਪਾਈਪ ਵਾਲੀ ਗੈਸ ਦੀ ਸਹੂਲਤ ਨਹੀਂ ਹੈ। ਇਸ ਦੇ ਨਾਲ ਹੀ ਹੋਟਲਾਂ, ਰੈਸਟੋਰੈਂਟਾਂ ਅਤੇ ਉਦਯੋਗਿਕ ਇਕਾਈਆਂ ਲਈ ਵੀ ਗੈਸ ਦੀ ਸਪਲਾਈ ਸੀਮਤ ਕੀਤੀ ਗਈ ਹੈ।
ਕੋਲਕਾਤਾ 'ਚ TMC-ਭਾਜਪਾ ਵਰਕਰਾਂ ਦਾ ਹੰਗਾਮਾ, EVM ਸਟਰੌਂਗ ਰੂਮ ਦੇ ਬਾਹਰ ਪਹੁੰਚੀ CM ਮਮਤਾ
NEXT STORY