ਨਵੀ ਦਿੱਲੀ : ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਟਾਪੂ ਸਮੂਹ ਵੈਨੂਆਤੂ ਵਿੱਚ ਮੰਗਲਵਾਰ, 17 ਦਸੰਬਰ ਦੀ ਸਵੇਰ ਨੂੰ 7.3 ਤੀਬਰਤਾ ਨਾਲ ਭੂਚਾਲ ਆਇਆ, ਜਿਸ ਨਾਲ ਵੱਡੇ ਪੱਧਰ 'ਤੇ ਤਬਾਹੀ ਹੋਈ ਹੈ। ਭੂਚਾਲ ਦਾ ਕੇਂਦਰ ਵੈਨੂਆਤੂ ਦੇ ਮੁੱਖ ਟਾਪੂ ਇਫਾਤੇ ਤੋਂ 30 ਕਿਲੋਮੀਟਰ ਦੂਰ ਸਮੁੰਦਰ ਦੇ ਹੇਠਾਂ 57 ਕਿਲੋਮੀਟਰ ਦੀ ਡੂੰਘਾਈ 'ਚ ਸੀ। ਇਸ ਭੂਚਾਲ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਰਾਜਧਾਨੀ ਪੋਰਟ ਵਿਲਾ ਸਮੇਤ ਕਈ ਖੇਤਰਾਂ ਵਿੱਚ ਇਮਾਰਤਾਂ ਢਹਿ ਗਈਆਂ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਭੂਚਾਲ ਤੋਂ ਬਾਅਦ, ਬੁੱਧਵਾਰ ਸਵੇਰੇ 5.5 ਤੀਬਰਤਾ ਦੇ ਭੂਚਾਲ ਸਮੇਤ ਖੇਤਰ ਵਿੱਚ ਲਗਾਤਾਰ ਝਟਕੇ ਮਹਿਸੂਸ ਕੀਤੇ ਗਏ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਥਾਨਕ ਪ੍ਰਸ਼ਾਸਨ ਨੇ ਦੇਸ਼ ਭਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਆਸਟ੍ਰੇਲੀਆਈ ਵਿਦੇਸ਼ ਅਤੇ ਵਪਾਰ ਵਿਭਾਗ ਨੇ ਦੱਸਿਆ ਹੈ ਕਿ ਇਸ ਖੇਤਰ ਵਿੱਚ ਬਹੁਤ ਸਾਰੇ ਆਸਟ੍ਰੇਲੀਆਈ ਨਾਗਰਿਕ ਮੌਜੂਦ ਹਨ।
ਆਸਟਰੇਲੀਆ ਨੇ ਵੈਨੂਆਤੂ ਨੂੰ ਸਹਾਇਤਾ ਸਪਲਾਈ ਭੇਜਣ ਦਾ ਭਰੋਸਾ ਦਿੱਤਾ ਹੈ, ਜਦੋਂ ਕਿ ਸੰਯੁਕਤ ਰਾਸ਼ਟਰ ਨੇ ਵੀ ਰਾਹਤ ਕਾਰਜਾਂ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਹਾਲਾਂਕਿ ਭੂਚਾਲ ਕਾਰਨ ਬੰਦਰਗਾਹ ਅਤੇ ਹਵਾਈ ਅੱਡੇ ਵੱਲ ਜਾਣ ਵਾਲੀਆਂ ਸੜਕਾਂ ਦੇ ਨੁਕਸਾਨ ਕਾਰਨ ਰਾਹਤ ਕਾਰਜਾਂ 'ਚ ਰੁਕਾਵਟ ਆ ਰਹੀ ਹੈ, ਜਿਸ ਕਾਰਨ ਵੈਨੂਆਤੂ ਦੀ ਰਾਜਧਾਨੀ ਪੋਰਟ ਵਿਲਾ 'ਚ ਸਥਿਤ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਦੂਤਾਵਾਸਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਭੂਚਾਲ ਤੋਂ ਤੁਰੰਤ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਹਾਲਾਂਕਿ ਹੁਣ ਇਸ ਨੂੰ ਹਟਾ ਲਿਆ ਗਿਆ ਹੈ।
ਇੰਟਰਨੈੱਟ ਅਤੇ ਹੋਰ ਸੰਚਾਰ ਸੇਵਾਵਾਂ ਵਿੱਚ ਵਿਘਨ ਪਿਆ ਹੈ, ਜਿਸ ਨਾਲ ਸਥਿਤੀ ਹੋਰ ਮੁਸ਼ਕਲ ਹੋ ਗਈ ਹੈ। ਦੱਸ ਦਈਏ ਕਿ 80 ਛੋਟੇ ਟਾਪੂਆਂ ਦਾ ਦੇਸ਼ ਵੈਨੂਆਤੂ ਇੱਕ ਸਰਗਰਮ ਭੂਚਾਲ ਵਾਲੇ ਖੇਤਰ ਵਿੱਚ ਸਥਿਤ ਹੈ। ਇਹ ਖੇਤਰ ਅਕਸਰ ਭੂਚਾਲ ਅਤੇ ਹੋਰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਦਾ ਹੈ। ਮੰਗਲਵਾਰ ਨੂੰ ਆਏ ਇਸ ਸ਼ਕਤੀਸ਼ਾਲੀ ਭੂਚਾਲ ਨੇ ਦੇਸ਼ ਨੂੰ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਵਿੱਚ ਪਾ ਦਿੱਤਾ ਹੈ।
ਇੰਡੀਆ ਪੋਸਟ ਪੇਮੈਂਟ ਬੈਂਕ 'ਚ ਨੌਕਰੀ ਦਾ 'ਗੋਲਡਨ ਚਾਂਸ'
NEXT STORY