ਨਵੀਂ ਦਿੱਲੀ— ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਤੋਂ ਰਾਬਰਟ ਵਾਡਰਾ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵਧ ਸਕਦੀਆਂ ਹਨ। ਈਡੀ ਨੇ ਜਾਂਚ ਵਿਚ ਦਾਅਵਾ ਕੀਤਾ ਹੈ ਕਿ ਰਾਬਰਟ ਵਾਡਰਾ ਨੇ ਲੰਡਨ ਵਿਚ ਆਪਣਾ ਜੋ ਮਕਾਨ ਖਰੀਦਿਆ, ਉਹ ਕੋਰੀਆਈ ਕੰਪਨੀ ਸੈਮਸੰਗ ਇੰਜੀਨੀਅਰਿੰਗ ਵਲੋਂ ਦਿੱਤੀ ਗਈ ਦਲਾਲੀ ਤੋਂ ਖਰੀਦਿਆ ਗਿਆ ਸੀ। ਦਲਾਲੀ ਗੁਜਰਾਤ ਦੇ ਦਾਹੇਜ ਵਿਚ ਬਣਨ ਵਾਲੇ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਦੇ ਸਪੈਸ਼ਲ ਇਕਨਾਮਿਕ ਜ਼ੋਨ (ਐੱਸ. ਈ. ਜੈੱਡ.) ਨਾਲ ਜੁੜੇ ਨਿਰਮਾਣ ਦਾ ਠੇਕਾ ਮਿਲਣ ਦੇ ਏਵਜ਼ ਵਿਚ ਦਿੱਤੀ ਗਈ ਸੀ। ਈਡੀ ਹੁਣ ਇਸ ਠੇਕੇ ਦੀ ਜਾਂਚ ਕਰ ਰਿਹਾ ਹੈ।
ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੈਮਸੰਗ ਇੰਜੀਨੀਅਰਿੰਗ ਨੂੰ ਦਸੰਬਰ 2008 ਵਿਚ ਦਾਹੇਜ ਵਿਚ ਬਣਨ ਵਾਲੇ ਐੱਸ. ਈ. ਜ਼ੈੱਡ ਲਈ ਠੇਕਾ ਮਿਲਿਆ ਸੀ। ਇਸ ਦੇ 6 ਮਹੀਨੇ ਬਾਅਦ 13 ਜੂਨ 2009 ਸੈਮਸੰਗ ਨੇ ਸੰਜੇ ਭੰਡਾਰੀ ਦੀ ਕੰਪਨੀ ਸੈਨਟੇਕ ਨੂੰ 49.9 ਲੱਖ ਡਾਲਰ ਦੇ ਹਿਸਾਬ ਨਾਲ ਲੱਗਭਗ 23.50 ਕਰੋੜ ਰੁਪਏ ਦਿੱਤੇ। ਸੰਜੇ ਨੇ ਇਨ੍ਹਾਂ ਰੁਪਏ ਵਿਚੋਂ 19 ਲੱਖ ਪੌਂਡ (ਲੱਗਭਗ 15 ਕਰੋੜ ਰੁਪਏ) ਵੋਰਟੇਕਸ ਨਾਂ ਦੀ ਕੰਪਨੀ 'ਚ ਟਰਾਂਸਫਰ ਕਰ ਦਿੱਤੇ। ਇਨ੍ਹਾਂ ਪੈਸਿਆਂ ਦੀ ਵਰਤੋਂ ਲੰਡਨ 'ਚ ਮਕਾਨ ਖਰੀਦਣ ਲਈ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਸਾਲ 2010 ਵਿਚ ਭੰਡਾਰੀ ਦਾ ਰਿਸ਼ਤੇਦਾਰ ਸੁਮਿਤ ਚੱਢਾ ਇਸ ਜਾਇਦਾਦ ਦੀ ਮੁਰੰਮਤ ਲਈ ਵਾਡਰਾ ਨੂੰ ਈ-ਮੇਲ ਭੇਜ ਕੇ ਇਜਾਜ਼ਤ ਮੰਗ ਰਿਹਾ ਸੀ। ਇਸ ਈ-ਮੇਲ ਵਿਚ ਸੁਮਿਤ ਨੇ ਦੱਸਿਆ ਸੀ ਕਿ ਘਰ ਦੀ ਮੁਰੰਮਤ ਲਈ ਪੈਸਿਆਂ ਦੀ ਲੋੜ ਹੈ, ਜਿਸ ਲਈ ਵਾਡਰਾ ਵਲੋਂ ਮਨੋਜ ਅਰੋੜ ਨਾਂ ਦੇ ਸ਼ਖਸ ਨੇ ਜਵਾਬ ਦਿੱਤਾ ਸੀ ਕਿ ਜਲਦ ਹੀ ਪੈਸਿਆਂ ਦੀ ਵਿਵਸਥਾ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਘਰ ਦੀ ਮੁਰੰਮਤ 'ਤੇ ਲੱਗਭਗ 45 ਲੱਖ ਰੁਪਏ ਖਰਚ ਕੀਤੇ ਗਏ। ਦੱਸਣਯੋਗ ਹੈ ਕਿ ਈਡੀ ਰਾਬਰਟ ਵਾਡਰਾ ਤੋਂ ਮਨੀ ਲਾਂਡਰਿੰਗ ਘਪਲੇ 'ਚ 3 ਦਿਨ ਲਗਾਤਾਰ ਪੁੱਛ-ਗਿੱਛ ਕਰ ਚੁੱਕੀ ਹੈ।
ਕੋਰਟ ਨੇ ਸੀ.ਬੀ.ਆਈ. ਦੀ ਪਟੀਸ਼ਨ 'ਤੇ ਮੋਈਨ ਕੁਰੈਸ਼ੀ ਨੂੰ ਜਾਰੀ ਕੀਤਾ ਨੋਟਿਸ
NEXT STORY