ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਲਈ ਵੋਟਿੰਗ ਸੰੰਪੰਨ ਹੋ ਚੁੱਕੀ ਹੈ। ਹੁਣ ਹਰ ਕਿਸੇ ਨੂੰ 23 ਮਈ ਦੀ ਉਡੀਕ ਹੈ, ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਹੋਵੇਗੀ। 19 ਮਈ ਨੂੰ 7ਵੇਂ ਅਤੇ ਆਖਰੀ ਗੇੜ ਦੀ ਵੋਟਿੰਗ ਦੇ ਨਾਲ ਹੀ ਚੋਣਾਂ ਦੇ ਐਗਜ਼ਿਟ ਪੋਲ ਸਾਹਮਣੇ ਆ ਚੁੱਕੇ ਹਨ। ਇਸ ਵਿਚ ਭਾਜਪਾ ਦੀ ਅਗਵਾਈ ਵਿਚ ਮੋਦੀ ਸਰਕਾਰ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਹੈ। ਅਜਿਹੇ ਵਿਚ ਇਕ ਵਾਰ ਫਿਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਚਰਚਾ ਵਿਚ ਹੈ। ਵਿਰੋਧੀ ਧਿਰ ਦੇ ਨੇਤਾ ਫਿਰ ਈ. ਵੀ. ਐੱਮ. 'ਤੇ ਸਵਾਲ ਚੁੱਕ ਰਹੇ ਹਨ। ਹਰ ਵਾਰ ਹਾਰਨ ਵਾਲੀਆਂ ਪਾਰਟੀਆਂ ਈ. ਵੀ. ਐੱਮ. 'ਤੇ ਸਵਾਲ ਚੁੱਕਦੀਆਂ ਹਨ। ਦੂਜੇ ਪਾਸੇ ਜਿੱਤਣ ਵਾਲੀ ਪਾਰਟੀ ਇਸ ਨੂੰ ਆਪਣੀਆਂ ਨੀਤੀਆਂ ਅਤੇ ਵਾਅਦਿਆਂ ਦੀ ਜਿੱਤ ਦੱਸਦੀ ਹੈ। ਇਸ ਤੋਂ ਪਹਿਲਾਂ ਯੂ. ਪੀ., ਉਤਰਾਖੰਡ, ਪੰਜਾਬ, ਗੋਆ, ਗੁਜਰਾਤ, ਦਿੱਲੀ ਨਗਰ ਨਿਗਮ ਚੋਣਾਂ ਵਿਚ ਵੀ ਈ. ਵੀ. ਐੱਮ. 'ਤੇ ਉਂਗਲੀ ਉਠ ਚੁੱਕੀ ਹੈ। ਇਸ ਤੋਂ ਪਹਿਲਾਂ ਮਾਇਆਵਤੀ, ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ, ਹਰੀਸ਼ ਰਾਵਤ ਅਤੇ ਅਖਿਲੇਸ਼ ਯਾਦਵ ਸਣੇ ਕਈ ਵੱਡੇ ਕੌਮੀ ਨੇਤਾ ਈ. ਵੀ. ਐੱਮ. ਨੂੰ ਵਿਲੇਨ ਦੇ ਤੌਰ 'ਤੇ ਪੇਸ਼ ਕਰ ਚੁੱਕੇ ਹਨ। ਈ. ਵੀ. ਐੱਮ. 'ਤੇ ਉਠਦੇ ਇਨ੍ਹਾਂ ਸਵਾਲਾਂ ਵਿਚਾਲੇ ਜਾਣਦੇ ਹਾਂ ਅਸਲ ਵਿਚ ਈ. ਵੀ. ਐੱਮ. ਕੀ ਹੈ, ਕਿਵੇਂ ਕੰਮ ਕਰਦੀ ਹੈ ਅਤੇ ਕੀ ਇਸ ਨਾਲ ਛੇੜਛਾੜ ਹੋ ਸਕਦੀ ਹੈ? ਈ. ਵੀ. ਐੱਮ. 'ਤੇ ਵਿਸ਼ਵਾਸ ਕਿਉਂ ਕਰੀਏ?
ਈ. ਵੀ. ਐੱਮ. ਤੋਂ ਲੈ ਕੇ ਵੀ. ਵੀ. ਪੈਟ ਤਕ ਦਾ ਸਫਰ—
ਭਾਰਤ ਜਿਹੇ ਲੋਕਤੰਤਰੀ ਦੇਸ਼ ਵਿਚ ਚੋਣਾਂ ਹਮੇਸ਼ਾ ਹੀ ਗੁੰਝਲਦਾਰ ਰਹੀਆਂ ਹਨ। ਇਨ੍ਹਾਂ ਨੂੰ ਸੌਖਾਲਾ ਬਣਾਉਣ ਲਈ ਚੋਣ ਕਮਿਸ਼ਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਦੀ ਵਰਤੋਂ ਕਰਦਾ ਹੈ। ਸਾਲ 1977 ਵਿਚ ਪਹਿਲੀ ਵਾਰ ਮੁੱਖ ਚੋਣ ਕਮਿਸ਼ਨਰ ਐੱਸ. ਐੱਲ. ਸ਼ਕਧਰ ਦੇ ਮਨ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਯਾਨੀ ਈ. ਵੀ. ਐੱਮ. ਦਾ ਵਿਚਾਰ ਆਇਆ। 1980 ਵਿਚ ਈ. ਵੀ. ਐੱਮ. ਦੀ ਖੋਜ ਐੱਮ. ਬੀ. ਹਨੀਫਾ ਨੇ ਕੀਤੀ। ਸਾਲ 1981-82 ਵਿਚ ਭਾਰਤ ਚੋਣ ਕਮਿਸ਼ਨ ਨੇ ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਬੈਂਗਲੁਰੂ ਅਤੇ ਹੈਦਰਾਬਾਦ ਦੇ ਸਹਿਯੋਗ ਨਾਲ ਭਾਰਤ ਵਿਚ ਈ. ਵੀ. ਐੱਮ. ਬਣਾਉਣ ਦੀ ਸ਼ੁਰੂਆਤ ਕੀਤੀ। 1982 ਵਿਚ ਭਾਰਤ ਵਿਚ ਈ. ਵੀ. ਐੱਮ. ਦਾ ਪਹਿਲੀ ਵਾਰ ਇਸਤੇਮਾਲ ਕੇਰਲ ਦੇ 70-ਪਾਰੂਰ ਵਿਧਾਨ ਸਭਾ ਖੇਤਰ ਵਿਚ ਕੀਤਾ ਗਿਆ ਸੀ ਪਰ ਬਾਅਦ ਵਿਚ ਕੋਰਟ ਦੇ ਹੁਕਮ 'ਤੇ 1984 ਵਿਚ ਇਸ 'ਤੇ ਰੋਕ ਲਾ ਦਿੱਤੀ ਗਈ ਸੀ। 1998 ਨਵੰਬਰ ਵਿਚ 16 ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਵਿਚ ਮੱਧ ਪ੍ਰਦੇਸ਼ ਦੀਆਂ 5, ਰਾਜਸਥਾਨ ਦੀਆਂ 5, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀਆਂ 6 ਸੀਟਾਂ ਸ਼ਾਮਲ ਸਨ। 1999 ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਬਾਅਦ ਤੋਂ ਹਰੇਕ ਚੋਣ ਵਿਚ ਵੋਟਾਂ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਈ. ਵੀ. ਐੱਮ. ਨਾਲ ਹੀ ਸੰਪੰਨ ਹੋ ਰਹੀ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿਚ ਇਕ ਪਾਇਲਟ ਯੋਜਨਾ ਦੇ ਤੌਰ 'ਤੇ 543 ਵਿਚੋਂ 8 ਸੰਸਦੀ ਚੋਣ ਖੇਤਰਾਂ ਵਿਚ (ਵੀ. ਵੀ. ਪੈਟ) ਪ੍ਰਣਾਲੀ ਵਾਲੀ ਈ. ਵੀ. ਐੱਮ. ਦਾ ਇਸਤੇਮਾਲ ਕੀਤਾ ਗਿਆ ਸੀ।
ਈ. ਵੀ. ਐੱਮ. ਦੀ ਸੰਰਚਨਾ ਅਤੇ ਤਕਨੀਕ—
ਈ. ਵੀ. ਐੱਮ. 'ਚ 2 ਭਾਗ ਹੁੰਦੇ ਹਨ- ਕੰਟਰੋਲ ਇਕਾਈ ਅਤੇ ਵੋਟਿੰਗ ਇਕਾਈ। ਦੋਵੇਂ ਭਾਗ ਇਕ 5 ਮੀਟਰ ਲੰਬੇ ਕੇਬਲ ਨਾਲ ਜੁੜੇ ਹੁੰਦੇ ਹਨ। ਕੰਟਰੋਲ ਇਕਾਈ, ਮੁੱਖ ਅਧਿਕਾਰੀ ਜਾਂ ਵੋਟਿੰਗ ਅਧਿਕਾਰੀ ਕੋਲ ਰਹਿੰਦੀ ਹੈ ਜਦਕਿ ਵੋਟਿੰਗ ਇਕਾਈ ਨੂੰ ਵੋਟਿੰਗ ਰੂਮ ਅੰਦਰ ਰੱਖਿਆ ਜਾਂਦਾ ਹੈ। ਵੋਟਰ ਨੂੰ ਵੋਟ ਪੱਤਰ ਜਾਰੀ ਕਰਨ ਦੀ ਬਜਾਏ ਕੰਟਰੋਲ ਇਕਾਈ ਕੋਲ ਬੈਠਾ ਅਧਿਕਾਰੀ ਵੋਟਿੰਗ ਬਟਨ ਨੂੰ ਦਬਾਉਂਦਾ ਹੈ ਜਿਸ ਤੋਂ ਬਾਅਦ ਵੋਟਰ ਵੋਟ ਇਕਾਈ 'ਤੇ ਆਪਣੇ ਪਸੰਦ ਦੇ ਉਮੀਦਵਾਰ ਦੇ ਨਾਂ ਅਤੇ ਚੋਣ ਨਿਸ਼ਾਨ ਦੇ ਸਾਹਮਣੇ ਛਪੇ ਨੀਲੇ ਬਟਨ ਨੂੰ ਦਬਾ ਕੇ ਵੋਟਿੰਗ ਕਰਦਾ ਹੈ। ਈ. ਵੀ. ਐੱਮ. ਵਿਚ ਕੰਟਰੋਲ ਦੇ ਰੂਪ ਵਿਚ ਸਥਾਈ ਰੂਪ ਨਾਲ ਸਿਲੀਕਾਨ ਨਾਲ ਬਣੇ ਆਪ੍ਰੇਟਿੰਗ ਪ੍ਰੋਗਰਾਮ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਕ ਵਾਰ ਕੰਟਰੋਲ ਦਾ ਨਿਰਮਾਣ ਹੋ ਜਾਣ ਤੋਂ ਬਾਅਦ ਨਿਰਮਾਤਾ ਸਣੇ ਕੋਈ ਵੀ ਇਸ ਵਿਚ ਬਦਲਾਅ ਨਹੀਂ ਕਰ ਸਕਦਾ।
64 ਉਮੀਦਵਾਰਾਂ ਦੇ ਨਾਂ ਅਤੇ 3,840 ਵੋਟਾਂ ਹੁੰਦੀਆਂ ਹਨ ਰਿਕਾਰਡ—
ਈ. ਵੀ. ਐੱਮ. 6 ਵੋਲਟ ਦੀ ਬੈਟਰੀ ਨਾਲ ਚੱਲਦੀ ਹੈ। ਇਸ ਵਿਚ ਜ਼ਿਆਦਾਤਰ 64 ਉਮੀਦਵਾਰਾਂ ਅਤੇ 3,840 ਵੋਟਾਂ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ ਅਤੇ ਇਕ ਵੋਟਿੰਗ ਇਕਾਈ ਵਿਚ 16 ਉਮੀਦਵਾਰਾਂ ਦਾ ਨਾਂ ਛਪਿਆ ਹੁੰਦਾ ਹੈ ਅਤੇ ਇਕ ਈ. ਵੀ. ਐੱਮ. ਨਾਲ 4 ਇਕਾਈਆਂ ਨੂੰ ਜੋੜਿਆ ਜਾ ਸਕਦਾ ਹੈ। ਜੇ ਕਿਸੇ ਚੋਣ ਖੇਤਰ ਵਿਚ 64 ਤੋਂ ਜ਼ਿਆਦਾ ਉਮੀਦਵਾਰ ਹੁੰਦੇ ਹਨ ਤਾਂ ਵੋਟਿੰਗ ਬੈਲਟ ਪੇਪਰ ਨਾਲ ਕਰਵਾਉਣੀ ਪੈਂਦੀ ਹੈ।
ਇਕ ਵਾਰ ਤੋਂ ਜ਼ਿਆਦਾ ਨਹੀਂ ਪਾ ਸਕਦੇ ਵੋਟ—
ਈ. ਵੀ. ਐੱਮ. ਦੇ ਬਟਨ ਨੂੰ ਵਾਰ-ਵਾਰ ਦਬਾਅ ਕੇ ਇਕ ਵਾਰ ਤੋਂ ਜ਼ਿਆਦਾ ਵੋਟ ਪਾਉਣਾ ਸੰਭਵ ਨਹੀਂ ਹੈ ਕਿਉਂਕਿ ਵੋਟ ਇਕਾਈ ਵਿਚ ਕਿਸੇ ਉਮੀਦਵਾਰ ਦੇ ਨਾਂ ਦੇ ਅੱਗੇ ਬਣੇ ਬਟਨ ਨੂੰ ਇਕ ਵਾਰ ਦਬਾਉਣ ਤੋਂ ਬਾਅਦ ਮਸ਼ੀਨ ਬੰਦ ਹੋ ਜਾਂਦੀ ਹੈ। ਜੇ ਕੋਈ ਵਿਅਕਤੀ ਇਕੱਠੇ 2 ਬਟਨ ਦਬਾਉਂਦਾ ਹੈ ਤਾਂ ਉਸ ਦੀ ਵੋਟ ਦਰਜ ਨਹੀਂ ਹੁੰਦੀ ਹੈ।
ਈ. ਵੀ. ਐੱਮ. ਦੀ ਵਰਤੋਂ ਦੇ ਫਾਇਦੇ—
* ਇਕ ਈ. ਵੀ. ਐੱਮ. ਦੀ ਲਾਗਤ 17 ਹਜ਼ਾਰ ਰੁਪਏ ਦੇ ਲਗਭਗ ਆਉਂਦੀ ਹੈ।
* ਈ. ਵੀ. ਐੱਮ. ਦੀ ਵਰਤੋਂ ਨਾਲ ਇਕ ਲੋਕ ਸਭਾ ਚੋਣਾਂ ਵਿਚ ਕਰੀਬ 10,000 ਟਨ ਬੈਲੇਟ ਪੇਪਰ ਦੀ ਬੱਚਤ ਹੁੰਦੀ ਹੈ।
* ਹਲਕੀ ਅਤੇ ਪੋਰਟੇਬਲ ਹੋਣ ਦੀ ਵਜ੍ਹਾ ਨਾਲ ਆਸਾਨੀ ਨਾਲ ਲਿਜਾਈ ਜਾ ਸਕਦੀ ਹੈ ਦੂਸਰੀ ਜਗ੍ਹਾ।
* ਈ. ਵੀ. ਐੱਮ. ਵੋਟਾਂ ਦੀ ਗਿਣਤੀ ਤੇਜ਼ੀ ਨਾਲ ਕਰਦੀ ਹੈ।
* ਈ. ਵੀ. ਐੱਮ. ਨੂੰ ਕਰੀਬ 15 ਸਾਲ ਤਕ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
ਬੰਦ ਕਰਨ ਦੀ ਪ੍ਰਕਿਰਿਆ—
ਆਖਰੀ ਵੋਟਰ ਜਦੋਂ ਵੋਟ ਪਾਉਂਦਾ ਹੈ ਤਾਂ ਕੰਟਰੋਲ ਯੂਨਿਟ ਦਾ ਮੁਖੀ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਏਜੰਟਾਂ ਦੇ ਸਾਹਮਣੇ ਟੋਟਲ ਕਾਊਂਟਿੰਗ ਦਾ ਬਟਨ ਦਬਾ ਕੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਈ. ਵੀ. ਐੱਮ. 'ਚ ਕਿੰਨੀਆਂ ਵੋਟਾਂ ਪਈਆਂ। ਇਸ ਤੋਂ ਬਾਅਦ ਉਹ ਬੰਦ (ਕਲੋਜ਼) ਦਾ ਬਟਨ ਦਬਾ ਦਿੰਦਾ ਹੈ।
ਇਨ੍ਹਾਂ ਦੇਸ਼ਾਂ 'ਚ ਹੁੰਦੀ ਹੈ ਈ. ਵੀ. ਐੱਮ. ਦੀ ਵਰਤੋਂ—
ਨੇਪਾਲ, ਭੂਟਾਨ, ਨਾਮੀਬੀਆ, ਫਿਜੀ ਅਤੇ ਕੀਨੀਆ ਅਤੇ ਹੋਰ ਵੀ ਕਈ ਏਸ਼ੀਆਈ ਅਤੇ ਅਫਰੀਕਾ ਦੇ ਦੇਸ਼ਾਂ 'ਚ ਇਸ ਦੀ ਵਰਤੋਂ ਹੁੰਦੀ ਹੈ। ਖਾਸ ਕਰ ਸਾਰੇ ਦੇਸ਼ਾਂ ਨੂੰ ਭਾਰਤ ਹੀ ਈ. ਵੀ. ਐੱਮ. ਵੇਚਦਾ ਹੈ।
ਈ. ਵੀ. ਐੱਮ. ਦੀ ਕਾਨੂੰਨੀ ਮਾਨਤਾ—
ਈ. ਵੀ. ਐੱਮ. ਦੀ ਵਰਤੋਂ ਦੀ ਕਾਨੂੰਨੀ ਮਾਨਤਾ ਦੀ ਗੱਲ ਕਰੀਏ ਤਾਂ ਜਨ ਪ੍ਰਤੀਨਿਧੀਤੱਵ ਕਾਨੂੰਨ 1951 'ਚ 1988 'ਚ ਸੋਧ ਕਰ ਕੇ ਨਵੀਂ ਧਾਰਾ-61 ਏ ਜੋੜੀ ਗਈ ਸੀ, ਜਿਸ ਦੇ ਜ਼ਰੀਏ ਚੋਣ ਕਮਿਸ਼ਨ ਨੂੰ ਵੋਟਿੰਗ 'ਚ ਈ. ਵੀ. ਐੱਮ. ਦੀ ਵਰਤੋਂ ਕਰਨ ਦਾ ਅਧਿਕਾਰ ਦਿੱਤਾ।
ਵਾਰ-ਵਾਰ ਈ. ਵੀ. ਐੱਮ. 'ਤੇ ਸਵਾਲ ਤੋਂ ਬਾਅਦ ਵੀ. ਵੀ. ਪੈਟ ਦੀ ਵਰਤੋਂ—
ਵਾਰ-ਵਾਰ ਈ. ਵੀ. ਐੱਮ. 'ਤੇ ਸਵਾਲ ਚੁੱਕਣ ਤੋਂ ਬਾਅਦ ਚੋਣਾਂ 'ਚ ਵੀ. ਵੀ. ਪੈਟ ਦੀ ਵਰਤੋਂ ਕੀਤੀ ਗਈ। ਵੀ. ਵੀ. ਪੈਟ ਭਾਵ ਕਿ ਵੋਟਰ ਵੈਰੀਫਾਏਬਲ ਪੇਪਰ ਆਡਿਟ ਟ੍ਰੇਲ (ਵੀ. ਵੀ. ਪੀ. ਏ. ਟੀ.) ਤਹਿਤ ਵੋਟਿੰਗ ਕਰਨ ਤੋਂ ਬਾਅਦ ਇਕ ਪਰਚੀ ਨਿਕਲਦੀ ਹੈ ਜੋ ਵੋਟਰ ਨੂੰ ਦਿਖਾਈ ਜਾਂਦੀ ਹੈ, ਇਸ 'ਚ ਜਿਸ ਉਮੀਦਵਾਰ ਨੂੰ ਵੋਟ ਦਿੱਤੀ ਗਈ ਹੈ ਉਸ ਦੀ ਪਾਰਟੀ ਦਾ ਨਾਂ ਚੋਣ ਨਿਸ਼ਾਨ ਅਤੇ ਉਮੀਦਵਾਰ ਦਾ ਨਾਂ ਆਦਿ ਦੀ ਸੂਚਨਾ ਦਰਜ ਹੁੰਦੀ ਹੈ। ਵੀ. ਵੀ. ਪੈਟ ਦੀ ਵਰਤੋਂ ਪਹਿਲੀ ਵਾਰ ਸਤੰਬਰ 2013 'ਚ ਨਾਗਾਲੈਂਡ ਦੀਆਂ ਚੋਣਾਂ 'ਚ ਹੋਈ ਸੀ। ਵੀ. ਵੀ. ਪੈਟ ਦੀ ਈ. ਵੀ. ਐੱਮ. ਨਾਲ ਵਰਤੋਂ ਨਾਗਾਲੈਂਡ ਦੀ ਨੋਕਸੇਨ ਵਿਧਾਨ ਸਭਾ 'ਚ ਕੀਤੀ ਗਈ ਸੀ। ਉੱਥੇ ਹੀ 2019 ਲੋਕ ਸਭਾ ਚੋਣਾਂ 'ਚ ਹਰ ਈ. ਵੀ. ਐੱਮ. ਨਾਲ ਵੀ. ਵੀ. ਪੈਟ ਜੋੜਿਆ ਗਿਆ। ਇਸ ਦੌਰਾਨ ਵਿਧਾਨ ਸਭਾ ਖੇਤਰ ਦੇ ਹਿਸਾਬ ਨਾਲ 5 ਈ. ਵੀ. ਐੱਮ ਦੀ ਵੀ. ਵੀ. ਪੈਟ ਪਰਚੀਆਂ ਦਾ ਮਿਲਾਨ ਕੀਤਾ ਜਾਵੇਗਾ।
ਈ. ਵੀ. ਐੱਮ. ਨਾਲ ਛੇੜਛਾੜ ਹੋ ਸਕਦੀ ਹੈ?
ਸਾਲ 2010 'ਚ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਸੋਧਕਰਤਾਵਾਂ ਵਲੋਂ ਈ. ਵੀ. ਐੱਮ. ਨਾਲ ਛੇੜਛਾੜ ਨੂੰ ਸਾਬਤ ਕੀਤਾ ਗਿਆ ਹੈ। ਉਨ੍ਹਾਂ ਨੇ ਈ. ਵੀ. ਐੱਮ. ਨਾਲ ਇਕ ਡਿਵਾਇਸ ਜੋੜ ਕੇ ਆਪਣੇ ਮੋਬਾਇਲ ਨਾਲ ਇਕ ਟੈਕਸਟ ਮੈਸੇਜ ਦੇ ਜ਼ਰੀਏ ਇਸ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਕੇ ਦਿਖਾਇਆ ਹੈ। ਇਸ 'ਚ ਉਨ੍ਹਾਂ ਨੇ ਕੰਟਰੋਲ ਯੂਨਿਟ ਦੀ ਅਸਲੀ ਡਿਸਪਲੇ ਨੂੰ ਬਿਲਕੁਲ ਉਸ ਤਰ੍ਹ੍ਹਾਂ ਦੀ ਹੀ ਦਿਖਣ ਵਾਲੀ ਨਕਲੀ ਡਿਸਪਲੇ ਨਾਲ ਬਦਲ ਦਿੱਤਾ ਗਿਆ ਸੀ। ਜਿਸ ਦੇ ਅੰਦਰ ਉਨ੍ਹਾਂ ਨੇ ਬਲੂਟੁੱਥ ਮਾਈਕ੍ਰੋ ਪ੍ਰੋਸੈਸਰ ਲਾ ਦਿੱਤਾ। ਇਸ ਦੇ ਬਾਅਦ ਨਕਲੀ ਡਿਸਪਲੇ ਨੇ ਅਸਲੀ ਨਤੀਜਾ ਦਿਖਾਉਣ ਦੀ ਬਜਾਏ, ਜੋ ਨਤੀਜੇ ਸੋਧਕਰਤਾ ਦੇਖਣਾ ਚਾਹੁੰਦੇ ਸਨ, ਉਹੀ ਦਿਖਾਏ। ਸੋਧਕਰਤਾਵਾਂ ਦਾ ਕਹਿਣਾ ਸੀ ਕਿ ਇਸ ਡਿਸਪਲੇ ਅਤੇ ਮਾਈਕ੍ਰੋ ਪ੍ਰੋਸੈਸਰ ਨੂੰ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਵਿਚਕਾਰ ਬਦਲਿਆ ਜਾ ਸਕਦਾ ਹੈ।
ਮੈਨੂੰ ਪਾਰਟੀ ਜੋ ਜ਼ਿੰਮੇਵਾਰੀ ਦੇਵੇਗੀ, ਉਸ ਨੂੰ ਖੁਸ਼ੀ ਨਾਲ ਕਰਾਂਗਾ ਸਵੀਕਾਰ : ਜੈ ਪਾਂਡਾ
NEXT STORY