ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਪੈਸਿਆਂ ਦੀ ਧੋਖਾਧੜੀ ਮਾਮਲੇ ’ਚ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੰਚਾਰ ਮੁਖੀ ਵਿਜੇ ਨਾਇਰ ਦੀ ਜਮਾਨਤ ਅਰਜ਼ੀ 'ਤੇ 27 ਅਗਸਤ ਨੂੰ ਸੁਣਵਾਈ ਕਰੇਗਾ। ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਐੱਸ.ਵੀ.ਐੱਨ. ਭੱਟੀ ਦੀ ਬੈਂਚ ਨੇ 12 ਅਗਸਤ ਨੂੰ ਨਾਇਰ ਦੀ ਅਰਜ਼ੀ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੂੰ ਨੋਟਿਸ ਜਾਰੀ ਕਰਦਿਆਂ ਇਸ ਗੱਲ 'ਤੇ ਧਿਆਨ ਦਿੱਤਾ ਸੀ ਕਿ ਉਹ ਦੋ ਸਾਲ ਤੋਂ ਹਿਰਾਸਤ ’ਚ ਹਨ।
ਨਾਇਰ ਵੱਲੋਂ 12 ਅਗਸਤ ਨੂੰ ਅਦਾਲਤ ’ਚ ਪੇਸ਼ ਹੋਏ ਸੀਨੀਅਰ ਵਕੀਲਾਂ- ਅਭਿਸ਼ੇਕ ਸਿੰਘਵੀ ਅਤੇ ਵਿਕ੍ਰਮ ਚੌਧਰੀ ਨੇ ਕਿਹਾ ਸੀ ਕਿ ਰਿੱਟਕਰਤਾਵਾਂ ਨੂੰ 13 ਨਵੰਬਰ, 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਆਪਣੀ 'ਡਿਫਾਲਟ' ਜਮਾਨਤ ਰਿੱਟ ਨੂੰ ਖਾਰਜ ਕਰਨ ਵਾਲੇ ਅਧੀਨ ਅਦਾਲਤ ਦੇ 29 ਜੁਲਾਈ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ। ਇਸ ਤੋਂ ਪਹਿਲਾਂ, ਸੁਪਰੀਮ ਕੋਰਟ ਨੇ ਪਿਛਲੇ ਸਾਲ 3 ਜੁਲਾਈ ਨੂੰ ਧੋਖਾਧੜੀ ਮਾਮਲੇ ’ਚ ਨਾਇਰ ਅਤੇ ਹੋਰ ਸਹਿ-ਦੋਸ਼ੀਆਂ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਧੋਖਾਧੜੀ ਦਾ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਇਕ ਐੱਫ. ਆਈ. ਆਰ. ਤੋਂ ਬਣਿਆ ਹੈ। ਦਿੱਲੀ ਦੇ ਉਪ-ਰਾਜਪਾਲ ਵੀ. ਕੇ. ਸਕਸੈਨਾ ਨੇ ਆਬਕਾਰੀ ਨੀਤੀ 2021-22 ਦੀ ਜਾਂਚ ਦੀ ਸਿਫਾਰਿਸ਼ ਕੀਤੀ ਸੀ, ਜਿਸਦੇ ਬਾਅਦ ਸੀ.ਬੀ.ਆਈ. ਨੇ ਐੱਫ.ਆਈ.ਆਰ ਦਰਜ ਕੀਤੀ ਸੀ। ਇਸ ਨੀਤੀ ਨੂੰ ਬਾਅਦ ’ਚ ਰੱਦ ਕਰ ਦਿੱਤਾ ਗਿਆ ਸੀ।
ਸੀ.ਬੀ.ਆਈ. ਨੇ ਦਾਅਵਾ ਕੀਤਾ ਹੈ ਕਿ ਨਾਇਰ ਨੇ ਹੈਦਰਾਬਾਦ, ਮੁੰਬਈ ਅਤੇ ਦਿੱਲੀ ਦੇ ਵੱਖ-ਵੱਖ ਹੋਟਲਾਂ ’ਚ ਕੁਝ ਹੋਰ ਸਹਿ-ਦੋਸ਼ੀਆਂ ਸ਼ਰਾਬ ਨਿਰਮਾਤਾਵਾਂ ਅਤੇ ਵੰਡਕਰਾਂ ਨਾਲ ਮੁਲਾਕਾਤ ਕੀਤੀ ਸੀ, ਤਾਂ ਕਿ ‘‘ਹਵਾਲਾ ਓਪਰੇਟਰ ਰਾਹੀਂ ਗੈਰਕਾਨੂੰਨੀ ਪੈਸੇ ਦੀ ਵਿਵਸਥਾ ਕੀਤੀ ਜਾ ਸਕੇ'' ਜਿਸ ਨੂੰ 'ਆਪ' ਨੂੰ ਰਿਸ਼ਵਤ ਵਜੋਂ ਦਿੱਤਾ ਗਿਆ ਸੀ। ਇਹ ਵੀ ਦਾਅਵਾ ਕੀਤਾ ਗਿਆ ਕਿ ਵਪਾਰੀ ਅਤੇ ਸਹਿ-ਦੋਸ਼ੀ ਅਭਿਸ਼ੇਕ ਬੋਇਨਪੱਲੀ ਇਨ੍ਹਾਂ ਬੈਠਕਾਂ ਦਾ ਹਿੱਸਾ ਸੀ ਅਤੇ ਇੱਕ ਹੋਰ ਦੋਸ਼ੀ ਸ਼ਰਾਬ ਵਪਾਰੀ ਸਮੀਰ ਮਹੇਂਦਰੂ ਨਾਲ ਪੈਸੇ ਦੀ ਧੋਖਾਧੜੀ ਦੀ ਸਾਜਿਸ਼ ’ਚ ਸ਼ਾਮਲ ਸੀ।
ਦਿੱਲੀ ਦੇ ਜੋਰ ਬਾਗ ਸਥਿਤ ਸ਼ਰਾਬ ਵੰਡਕ ‘‘ਇੰਡੋਸਪਿਰਿਟ ਗਰੁੱਪ'' ਦੇ ਪ੍ਰਬੰਧਕ ਨਿਰਦੇਸ਼ਕ ਮਹੇਂਦਰੂ ਦੀ ਗ੍ਰਿਫਤਾਰੀ ਦੇ ਬਾਅਦ ਈ.ਡੀ. ਨੇ ਦਿੱਲੀ ਅਤੇ ਪੰਜਾਬ ’ਚ ਲਗਭਗ 3 ਦਰਜਨ ਥਾਵਾਂ 'ਤੇ ਛਾਪੇ ਮਾਰੇ ਸਨ। ਮਾਮਲੇ ’ਚ ਹੋਰ ਦੋਸ਼ੀ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਾਬਕਾ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਣ, ਆਬਕਾਰੀ ਵਿਭਾਗ ਦੇ ਸਾਬਕਾ ਉਪ-ਕਮਿਸ਼ਨਰ ਆਨੰਦ ਤਿਵਾਰੀ ਅਤੇ ਸਾਬਕਾ ਸਹਾਇਕ ਕਮਿਸ਼ਨਰ ਪੰਕਜ ਭਟਨਾਗਰ ਹਨ।
ਨਸ਼ੀਲੇ ਪਦਾਰਥਾਂ ਦਾ ਗ਼ੈਰ-ਕਾਨੂੰਨੀ ਕਾਰੋਬਾਰ ਭਾਰਤ ਲਈ ਚੁਣੌਤੀ : ਸ਼ਾਹ
NEXT STORY