Fact Check By: Aaj Tak
ਨਵੀਂ ਦਿੱਲੀ- ਬਿਹਾਰ 'ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਤਾਰੀਖ਼ਾਂ ਦਾ ਐਲਾਨ ਨਾ ਹੋਣ ਦੇ ਬਾਵਜੂਦ ਚੋਣਾਂ ਨੂੰ ਲੈ ਕੇ ਬਿਹਾਰ ਵਿਚ ਸਿਆਸੀ ਉਥਲ-ਪੁਥਲ ਤੇਜ਼ ਹੋ ਗਈ ਹੈ। ਸੂਬੇ 'ਚ ਵੱਧਦੇ ਸਿਆਸੀ ਪਾਰੇ ਦਰਮਿਆਨ ਸੋਸ਼ਲ ਮੀਡੀਆ 'ਤੇ ਬਿਹਾਰ ਦਾ ਦੱਸ ਕੇ ਇਕ ਵੀਡੀਓ ਵਾਇਰਲ ਹੋ ਗਿਆ ਹੈ, ਜਿਸ ਵਿਚ ਕੁਝ ਲੋਕ ਇਕ ਭਾਜਪਾ ਨੇਤਾ 'ਤੇ ਜ਼ਮੀਨ ਹੱੜਪਣ ਦਾ ਦੋਸ਼ ਲਾ ਰਹੇ ਹਨ। ਉੱਥੇ ਹੀ ਇਨ੍ਹਾਂ ਦੇ ਠੀਕ ਸਾਹਮਣੇ ਚਸ਼ਮਾ ਪਹਿਨੇ ਖੜ੍ਹਾ ਇਹ ਨੇਤਾ ਉਨ੍ਹਾਂ ਨੂੰ ਉੱਥੋਂ ਹਟਣ ਨੂੰ ਕਹਿ ਰਿਹਾ ਹੈ।
ਫੇਸਬੁੱਕ 'ਤੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਇਕ ਸ਼ਖ਼ਸ ਨੇ ਲਿਖਿਆ, ''ਜਨਤਾ ਦੇ ਰੁਝਾਨ ਆਉਣਾ ਸ਼ੁਰੂ ਹੋ ਗਏ ਹਨ ਬਿਹਾਰ ਤੋਂ। ਇਸ ਵਾਰ ਭਾਜਪਾ ਦੀਆਂ ਮੁਸ਼ਕਲਾਂ ਵੱਧਣ ਵਾਲੀਆਂ ਹਨ। ਇਸ ਵਾਰ ਜਨਤਾ ਵੋਟ ਘੱਟ ਜਵਾਬ ਜ਼ਿਆਦਾ ਮੰਗਦੀ ਹੈ। ਕੀ ਜਵਾਬ ਦੇਣਗੇ ਭਾਜਪਾ ਪਾਰਟੀ ਦੇ ਲੋਕ। #ਨਹੀਂ_ਚਾਹੀਦਾ_ਭਾਜਪਾ।''
'ਆਜ ਤਕ' ਫੈਕਟ ਚੈਕ ਨੇ ਵੇਖਿਆ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦਾ ਹੈ, ਇਸ ਦਾ ਬਿਹਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਕਿਵੇਂ ਪਤਾ ਲੱਗੀ ਸੱਚਾਈ?
ਵੀਡੀਓ ਦੇ ਕਿਫ੍ਰੇਮਸ ਨੂੰ ਰਿਵਰਸ ਸਰਚ ਕਰਨ 'ਤੇ ਸਾਨੂੰ ਇਸ ਦੇ ਬਾਰੇ ਛਪੀਆਂ ਕਈ ਰਿਪੋਰਟਾਂ ਮਿਲੀਆਂ। ਇਨ੍ਹਾਂ ਮੁਤਾਬਕ ਵੀਡੀਓ ਵਿਚ ਨਜ਼ਰ ਆ ਰਹੇ ਨੇਤਾ ਸਿੰਗਰੌਲੀ ਦੀ ਇਕ ਭਾਜਪਾ ਕੌਂਸਲਰ ਦੇ ਪਤੀ ਅਰਜੁਨ ਦਾਸ ਗੁਪਤਾ ਹਨ। ਮਾਮਲਾ 7 ਦਸੰਬਰ 2024 ਦਾ ਹੈ, ਜਦੋਂ ਇਹ ਨੇਤਾ ਆਪਣੇ ਸਾਥੀਆਂ ਨਾਲ ਕਿਸੇ ਜ਼ਮੀਨ 'ਤੇ ਕਬਜ਼ਾ ਕਰਨ ਪਹੁੰਚੇ ਸਨ ਪਰ ਲੋਕਾਂ ਦੇ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਪਰਤਣਾ ਪਿਆ। ਇਸ ਦੌਰਾਨ ਉਨ੍ਹਾਂ ਦੀ ਕੁਝ ਲੋਕਾਂ ਨਾਲ ਬਹਿਸ ਅਤੇ ਹੱਥੋਂਪਾਈ ਹੋ ਗਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ।
ਇਹ ਪੂਰਾ ਮਾਮਲਾ ਸਿੰਗਰੌਲੀ ਨਗਰ ਨਿਗਮ ਦੇ ਵਾਰਡ-41 ਦੇ ਗਨਿਆਰੀ ਇਲਾਕੇ ਦਾ ਹੈ। ਇੱਥੇ ਭਾਜਪਾ ਕੌਂਸਲਰ ਸੀਮਾ ਗੁਪਤਾ ਦੇ ਪਤੀ ਅਰਜੁਨ ਗੁਪਤਾ ਆਪਣੀ ਗੱਡੀ ਤੋਂ ਪਹੁੰਚੇ ਅਤੇ ਕੋਮਲ ਗੁਪਤਾ ਦੇ ਪਰਿਵਾਰ ਨਾਲ ਉਲਝਣ ਲੱਗੇ।
ਖ਼ਬਰਾਂ ਮੁਤਾਬਕ ਅਰਜੁਨ ਗੁਪਤਾ ਨੇ ਕੋਮਲ ਤੋਂ ਸਾਲ 2012 ਵਿਚ ਜ਼ਮੀਨ ਲਈ ਸੀ ਪਰ ਹਾਲ ਹੀ ਵਿਚ ਬਾਊਂਡਰੀ ਵਾਲ ਦੇ ਗੇਟ 'ਤੇ ਲੱਗਾ ਅਰਜੁਨ ਗੁਪਤਾ ਦਾ ਤਾਲਾ ਤੋੜ ਕੇ, ਕੋਮਲ ਦੇ ਪਰਿਵਾਰ ਨੇ ਉੱਥੇ ਆਪਣਾ ਤਾਲਾ ਲਾ ਦਿੱਤਾ। ਇਸੇ ਗੱਲ ਨੂੰ ਲੈ ਕੇ ਅਰਜੁਨ ਅਤੇ ਕੋਮਲ ਦੇ ਪਰਿਵਾਰ ਵਿਚਾਲੇ ਵਿਵਾਦ ਹੋ ਗਿਆ।
ਵੀਡੀਓ ਵਿਚ ਅਰਜੁਨ ਗੁਪਤਾ ਜਿਸ ਸ਼ਖ਼ਸ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ, ਉਸ ਦਾ ਨਾਂ ਸੰਦੀਪ ਗੁਪਤਾ ਹੈ। ਸੰਦੀਪ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿਤਾ ਨੇ ਅਰਜੁਨ ਨਾਲ ਜ਼ਮੀਨ ਦਾ ਸੌਦਾ ਕੀਤਾ ਸੀ। 11 ਮਹੀਨੇ ਵਿਚ ਪੈਸੇ ਦੇ ਕੇ ਜ਼ਮੀਨ ਦੀ ਰਜਿਸਟਰੀ ਕਰਾਉਣ ਦਾ ਐਗਰੀਮੈਂਟ ਹੋਇਆ ਸੀ ਪਰ ਸੰਦੀਪ ਦਾ ਦੋਸ਼ ਹੈ ਕਿ ਉਸ ਦੇ ਪਰਿਵਾਰ ਨੂੰ ਪੈਸੇ ਨਹੀਂ ਮਿਲੇ। ਹੁਣ ਜਦੋਂ ਜ਼ਮੀਨ ਕਰੋੜਾਂ ਦੀ ਹੋ ਗਈ ਹੈ ਤਾਂ ਅਰਜੁਨ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਪੀੜਤ ਪੱਖ ਨੇ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਭਾਜਪਾ ਨੇਤਾ ਅਰਜੁਨ ਗੁਪਤਾ ਪਹਿਲਾਂ ਵੀ ਵਿਵਾਦਾਂ ਵਿਚ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਵਾਦ ਇਕ ASI ਨਾਲ ਪਿਆ ਸੀ। ਜਿਸ ਦੌਰਾਨ ਅਰਜੁਨ ਗੁਪਤਾ ਨੇ ਉਨ੍ਹਾਂ ਦੀ ਵਰਦੀ ਪਾੜਨ ਦੀ ਗੱਲ ਆਖੀ ਸੀ। ਬਾਅਦ ਵਿਚ ਇਕ ਮੀਟਿੰਗ ਦੌਰਾਨ ਉਸ ASI ਨੇ ਖੁਦ ਆਪਣੀ ਵਰਦੀ ਉਤਾਰ ਦਿੱਤੀ ਸੀ ਅਤੇ ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ।
ਸਾਫ ਹੈ, ਜ਼ਮੀਨ ਨੂੰ ਲੈ ਕੇ ਲੋਕਾਂ ਨਾਲ ਬਹਿਸ ਕਰਦੇ ਭਾਜਪਾ ਨੇਤਾ ਦੇ ਇਸ ਵੀਡੀਓ ਦਾ ਬਿਹਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ Aaj Tak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ
NEXT STORY