Fact Check By vishvasnews
ਨਵੀਂ ਦਿੱਲੀ - ਕੇਂਦਰ 'ਚ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨ. ਡੀ. ਏ.) ਦੀ ਸਰਕਾਰ ਬਣਨ ਤੋਂ ਬਾਅਦ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਨਾਂ ਦੀ ਇਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਹਨ ਭਾਗਵਤ ਨੇ ਕਿਹਾ ਹੈ ਕਿ ਮਣੀਪੁਰ 'ਚ 10 ਸਾਲ ਤੱਕ ਸ਼ਾਂਤੀ ਰਹੀ ਪਰ ਮੋਦੀ ਸਰਕਾਰ ਬਣਨ ਤੋਂ ਬਾਅਦ ਉੱਥੇ ਹਿੰਸਾ ਭੜਕ ਗਈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ 'ਚ ਪਾਇਆ ਕਿ ਮੋਹਨ ਭਾਗਵਤ ਦੇ ਮਣੀਪੁਰ ਸਬੰਧੀ ਬਿਆਨ ਨੂੰ ਤੋੜ-ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਮੋਹਨ ਭਾਗਵਤ ਨੇ ਆਪਣੇ ਬਿਆਨ 'ਚ ਯਕੀਨੀ ਤੌਰ 'ਤੇ ਇਸ ਸਮੱਸਿਆ ਵੱਲ ਧਿਆਨ ਦੇਣ ਦੀ ਗੱਲ ਕਹੀ ਹੈ।
ਕੀ ਹੈ ਵਾਇਰਲ ਪੋਸਟ
ਫੇਸਬੁੱਕ ਯੂਜ਼ਰ ਸੁਨੀਲ ਯਾਦਵ (ਆਰਕਾਈਵ ਲਿੰਕ) ਨੇ ਪੋਸਟ ਵਿੱਚ ਲਿਖਿਆ,
10 ਸਾਲ ਪਹਿਲਾਂ ਮਣੀਪੁਰ 'ਚ ਸ਼ਾਂਤੀ ਸੀ, ਮੋਦੀ ਸਰਕਾਰ ਬਣਨ ਤੋਂ ਬਾਅਦ ਹਿੰਸਾ 'ਚ ਅਚਾਨਕ ਵਾਧਾ ਹੋਇਆ - ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ।
ਇਥੇ ਇਹ ਵੀ ਲਿਖਿਆ ਹੈ
ਚੋਣ ਨਤੀਜਿਆਂ ਤੋਂ ਬਾਅਦ ਹੁਣ ਤੱਕ ਆਰ. ਐੱਸ. ਐੱਸ. ਮੁਖੀ ਡੂੰਘੀ ਨੀਂਦ 'ਚ ਸੀਨ ਅਤੇ ਐੱਨ. ਡੀ. ਏ. ਸਰਕਾਰ ਦੇ ਗਠਨ ਤੋਂ ਬਾਅਦ ਆਪਣਾ ਮੂੰਹ ਖੋਲ੍ਹਿਆ ਹੈ। ਉਹ ਆਰ. ਐੱਸ. ਐੱਸ. ਦੇ ਆਖ਼ਰੀ ਰਾਜਾ ਹਨ। ਐੱਨ. ਐੱਸ. ਜੀ. ਨੂੰ ਪਹਿਲੀ ਵਾਰ ਉਨ੍ਹਾਂ ਦੀ ਸੇਵਾ ਵਿੱਚ ਤਾਇਨਾਤ ਕੀਤਾ ਗਿਆ ਹੈ। ਆਰ. ਐੱਸ. ਐੱਸ. ਵੱਡੇ-ਵੱਡੇ ਮਹਿਲਾਂ 'ਚ ਦਫ਼ਤਰ ਖੋਲ੍ਹ ਰਹੀ ਹੈ। RSS ਵਾਲੇ ਪ੍ਰਾਈਵੇਟ ਜਹਾਜਾਂ 'ਚ ਸਫ਼ਰ ਕਰ ਰਹੇ ਹਨ, ਹੁਣ ਉਨ੍ਹਾਂ ਨੂੰ ਗੁਰੂਦਕਸ਼ੀ ਦੀ ਲੋੜ ਨਹੀਂ। ਸੰਘ ਪਰਿਵਾਰ ਸੱਤਾ ਦਾ ਆਨੰਦ ਮਾਣ ਰਿਹਾ ਹੈ।
ਜਾਂਚ
ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ, ਅਸੀਂ ਕੀਵਰਡਸ ਦੀ ਵਰਤੋਂ ਕਰਕੇ ਗੂਗਲ 'ਤੇ ਇਸ ਬਾਰੇ ਖੋਜ ਕੀਤੀ। ਮੋਹਨ ਭਾਗਵਤ ਦਾ ਵੀਡੀਓ 10 ਜੂਨ ਨੂੰ ਆਰ. ਐੱਸ. ਐੱਸ. ਦੇ ਐਕਸ ਹੈਂਡਲ 'ਤੇ ਪੋਸਟ ਕੀਤਾ ਗਿਆ ਹੈ। ਇਸ 'ਚ ਉਹ ਕਹਿ ਰਹੇ ਹਨ, ''ਮਣੀਪੁਰ ਇੱਕ ਸਾਲ ਤੋਂ ਸ਼ਾਂਤੀ ਦੀ ਉਡੀਕ ਕਰ ਰਿਹਾ ਹੈ। ਇਸ ਤੋਂ ਪਹਿਲਾਂ ਇਹ 10 ਸਾਲ ਤੱਕ ਸ਼ਾਂਤ ਸੀ। ਪੁਰਾਣਾ ਬੰਦੂਕ ਕਲਚਰ ਖ਼ਤਮ ਹੁੰਦਾ ਜਾਪਦਾ ਸੀ ਅਤੇ ਅਚਾਨਕ ਉੱਥੇ ਪੈਦਾ ਹੋਈ ਝਗੜੇ ਦੀ ਅੱਗ ਅਜੇ ਵੀ ਬਲ ਰਹੀ ਹੈ ਅਤੇ ਭੜਕ ਰਹੀ ਹੈ। ਇਸ ਵੱਲ ਕੌਣ ਧਿਆਨ ਦੇਵੇਗਾ? ਇਸ ਨੂੰ ਪਹਿਲ ਦੇ ਆਧਾਰ 'ਤੇ ਵਿਚਾਰਨਾ ਸਾਡਾ ਫਰਜ਼ ਹੈ।''
10 ਜੂਨ ਨੂੰ ਨਾਗਪੁਰ 'ਚ ਹੋਏ ਸਮਾਗਮ ਦਾ ਇੱਕ ਵੀਡੀਓ ਵੀ ਏ. ਐੱਨ. ਆਈ. ਦੇ ਐਕਸ ਹੈਂਡਲ 'ਤੇ ਪੋਸਟ ਕੀਤਾ ਗਿਆ ਹੈ। ਇਸ 'ਚ ਮੋਹਨ ਭਾਗਵਤ ਦਾ ਬਿਆਨ ਵੀ ਸੁਣਿਆ ਜਾ ਸਕਦਾ ਹੈ। ਇਸ 'ਚ ਉਹ ਕਿਤੇ ਵੀ ਮੋਦੀ ਸਰਕਾਰ ਦਾ ਨਾਮ ਲੈਂਦੇ ਨਜ਼ਰ ਨਹੀਂ ਆ ਰਹੇ ਹਨ।
ਇਸ ਸਬੰਧੀ ਬਿਆਨ ਦੈਨਿਕ ਜਾਗਰਣ ਦੀ ਵੈੱਬਸਾਈਟ 'ਤੇ 10 ਜੂਨ ਨੂੰ ਪ੍ਰਕਾਸ਼ਿਤ ਖ਼ਬਰ 'ਚ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਬਿਆਨ ਡਾ: ਹੇਡਗੇਵਾਰ ਸਮ੍ਰਿਤੀ ਭਵਨ ਕੰਪਲੈਕਸ 'ਚ ਆਯੋਜਿਤ 'ਵਰਕਰ ਡਿਵੈਲਪਮੈਂਟ ਕਲਾਸ-2' ਦੇ ਸਮਾਪਤੀ ਪ੍ਰੋਗਰਾਮ 'ਚ ਦਿੱਤਾ ਸੀ। ਖ਼ਬਰ 'ਚ ਇਹ ਵੀ ਲਿਖਿਆ ਗਿਆ ਹੈ ਕਿ ਪਿਛਲੇ ਸਾਲ ਮਨੀਪੁਰ 'ਚ ਦੋ ਭਾਈਚਾਰਿਆਂ ਦਰਮਿਆਨ ਹਿੰਸਾ ਭੜਕ ਗਈ ਸੀ। ਇਸ ਹਿੰਸਾ 'ਚ ਹੁਣ ਤੱਕ ਕਰੀਬ 200 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਇਸ ਬਾਰੇ ਸੰਘ ਦੇ ਸਾਬਕਾ ਸੂਬਾ ਪ੍ਰਚਾਰਕ ਰਾਜੀਵ ਤੁਲੀ ਦਾ ਕਹਿਣਾ ਹੈ, ''ਵਾਇਰਲ ਦਾਅਵਾ ਗ਼ਲਤ ਹੈ। ਉਨ੍ਹਾਂ ਕਿਹਾ ਸੀ ਕਿ ਪਿਛਲੇ 9-10 ਸਾਲਾਂ ਤੋਂ ਇੱਥੇ ਸ਼ਾਂਤੀ ਸੀ ਪਰ ਪਿਛਲੇ ਇੱਕ ਸਾਲ ਤੋਂ ਹਿੰਸਾ ਹੋ ਰਹੀ ਹੈ।
ਅਸੀਂ ਗੁੰਮਰਾਹਕੁੰਨ ਦਾਅਵਾ ਕਰਨ ਵਾਲੇ Facebook ਯੂਜ਼ਰ ਦੇ ਪ੍ਰੋਫਾਈਲ ਨੂੰ ਸਕੈਨ ਕੀਤਾ ਹੈ। ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਯੂਜ਼ਰ ਦੇ ਕਰੀਬ 5 ਹਜ਼ਾਰ ਫਾਲੋਅਰਜ਼ ਹਨ।
ਸਿੱਟਾ : RSS ਮੁਖੀ ਮੋਹਨ ਭਾਗਵਤ ਦੇ ਮਣੀਪੁਰ ਬਾਰੇ ਬਿਆਨ ਨੂੰ ਤੋੜ-ਮਰੋੜ ਕੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮਣੀਪੁਰ 'ਚ ਹਿੰਸਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਧਿਆਨ ਦੇਣ ਲਈ ਕਿਹਾ।
(Disclaimer: ਇਹ ਫੈਕਟ ਮੂਲ ਤੌਰ 'ਤੇ vishvasnews ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਪ੍ਰਧਾਨ ਮੰਤਰੀ ਬਣਦੇ ਹੀ ਮੋਦੀ ਚੱਲੇ ਇਟਲੀ, G7 ਸੰਮੇਲਨ 'ਚ ਲੈਣਗੇ ਹਿੱਸਾ
NEXT STORY