ਨਵੀਂ ਦਿੱਲੀ— ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਨੂੰ ਗਾਜ਼ੀਆਬਾਦ ਅਤੇ ਨੋਇਡਾ ਨਾਲ ਜੋੜਨ ਵਾਲੇ ਗਾਜ਼ੀਪੁਰ ਅਤੇ ਚਿੱਲਾ ਬਾਰਡਰ ਸੋਮਵਾਰ ਨੂੰ ਬੰਦ ਹਨ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐਮ. ਐੱਸ. ਪੀ. ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਵੱਖ-ਵੱਖ ਸੂਬਿਆਂ ਦੇ ਕਿਸਾਨ ਦਿੱਲੀ ਨਾਲ ਲੱਗਦੀਆਂ ਸਰਹੱਦਾਂ ’ਤੇ ਪਿਛਲੇ 40 ਦਿਨਾਂ ਤੋਂ ਡਟੇ ਹਨ। ਇਨ੍ਹਾਂ ਕਿਸਾਨਾਂ ਨੂੰ ਐਤਵਾਰ ਸਵੇਰੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਪੂਰੀ ਰਾਤ ਪਏ ਮੀਂਹ ਕਾਰਨ ਉਨ੍ਹਾਂ ਦੇ ਤੰਬੂਆਂ ’ਚ ਪਾਣੀ ਭਰ ਗਿਆ ਸੀ ਅਤੇ ਠੰਡ ਤੋਂ ਬਚਣ ਲਈ ਜਿਨ੍ਹਾਂ ਲੱਕੜਾ ਦਾ ਇਸਤੇਮਾਲ ਉਹ ਅੱਗ ਜਲਾਉਣ ਲਈ ਕਰ ਰਹੇ ਸਨ, ਉਹ ਵੀ ਭਿੱਜ ਗਈਆਂ ਅਤੇ ਕੰਬਲ ਵੀ ਗਿਲੇ ਹੋ ਗਏ।
ਹਾਲਾਂਕਿ ਕਿਸਾਨਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਹਿੰਮਤ ਨਹੀਂ ਟੁੱਟੇਗੀ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਪ੍ਰਦਰਸ਼ਨ ਜਾਰੀ ਰੱਖਣਗੇ। ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਦਿੱਲੀ ਦੀਆਂ ਕਈ ਸਰਹੱਦਾਂ ’ਤੇ ਡਟੇ ਹੋਏ ਹਨ ਅਤੇ ਆਵਾਜਾਈ ਪੁਲਸ ਅਧਿਕਾਰੀ ਲਗਾਤਾਰ ਟਵਿੱਟਰ ’ਤੇ ਲੋਕਾਂ ਨੂੰ ਬੰਦ ਅਤੇ ਰੂਟ ਤਬਦੀਲੀ ਦੀ ਜਾਣਕਾਰੀ ਦੇ ਰਹੇ ਹਨ। ਆਵਾਜਾਈ ਪੁਲਸ ਨੇ ਲੋਕਾਂ ਨੂੰ ਆਨੰਦ ਵਿਹਾਰ, ਡੀ. ਐੱਨ. ਡੀ, ਭੋਪੁਰਾ ਅਤੇ ਲੋਨੀ ਬਾਰਡਰ ਤੋਂ ਹੋ ਕੇ ਦਿੱਲੀ ਆਉਣ ਦਾ ਸੁਝਾਅ ਦਿੱਤਾ ਹੈ।
ਆਵਾਜਾਈ ਪੁਲਸ ਨੇ ਸੋਮਵਾਰ ਨੂੰ ਲੜੀਵਾਰ ਟਵੀਟ ’ਚ ਦੱਸਿਆ ਕਿ ਸਿੰਘੂ, ਔਚੰਦੀ, ਪਿਆਊ ਮਨਿਆਰੀ, ਸਬੋਲੀ ਅਤੇ ਮੰਗੇਸ਼ ਬਾਰਡਰ ਬੰਦ ਹਨ। ਕ੍ਰਿਪਾ ਕਰ ਕੇ ਲਾਮਪੁਰ, ਸਫੀਆਬਾਦ, ਪੱਲਾ ਅਤੇ ਸਿੰਘੂ ਸਕੂਲ ਟੋਲ ਟੈਕਸ ਬਾਰਡਰ ਤੋਂ ਹੋ ਕੇ ਜਾਓ। ਮੁਕਰਬਾ ਅਤੇ ਜੀ. ਟੇ. ਕੇ. ਰੋਡ ’ਤੇ ਵੀ ਆਵਾਜਾਈ ਤਬਦੀਲ ਕੀਤੀ ਗਈ ਹੈ।
ਆਊਟਰ ਰਿੰਗ ਰੋਡ, ਜੀ. ਟੀ. ਕੇ. ਰੋਡ ਅਤੇ ਐੱਨ. ਐੱਚ.-44 ’ਤੇ ਜਾਣ ਤੋਂ ਵੀ ਬਚੋ। ਚਿੱਲਾ ਅਤੇ ਗਾਜ਼ੀਪੁਰ ਬਾਰਡਰ, ਨੋਇਡਾ ਅਤੇ ਗਾਜ਼ੀਪੁਰ ਤੋਂ ਦਿੱਲੀ ਆਉਣ ਵਾਲੇ ਲੋਕਾਂ ਲਈ ਬੰਦ ਹੈ। ਕ੍ਰਿਪਾ ਕਰ ਕੇ ਆਨੰਦ ਵਿਹਾਰ, ਡੀ. ਐੱਨ. ਡੀ, ਭੋਪੁਰਾ ਅਤੇ ਲੋਨੀ ਬਾਰਡਰ ਤੋਂ ਹੋ ਕੇ ਦਿੱਲੀ ਆਓ।
ਦੱਸਣਯੋਗ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਨੇ ਖੇਤੀ ਖੇਤਰ ’ਚ ਵੱਡੇ ਸੁਧਾਰ ਦੇ ਤੌਰ ’ਤੇ ਪੇਸ਼ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਦੇ ਆਉਣ ਨਾਲ ਵਿਚੋਲਿਆਂ ਦੀ ਭੂਮਿਕਾ ਖ਼ਤਮ ਹੋ ਜਾਵੇਗੀ ਅਤੇ ਕਿਸਾਨ ਆਪਣੀ ਫ਼ਸਲ ਦੇਸ਼ ’ਚ ਕਿਤੇ ਵੀ ਵੇਚ ਸਕਣਗੇ।
ਦੂਜੇ ਪਾਸੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਐੱਮ. ਐੱਸ. ਪੀ. ਦੀ ਸੁਰੱਖਿਆ ਖ਼ਤਮ ਹੋ ਜਾਵੇਗੀ ਅਤੇ ਮੰਡੀਆਂ ਵੀ ਖ਼ਤਮ ਹੋ ਜਾਣਗੀਆਂ। ਖੇਤੀ ਵੱਡੇ ਕਾਰਪੋਰੇਟਾਂ ਦੇ ਹੱਥਾਂ ’ਚ ਚੱਲੀ ਜਾਵੇਗੀ। ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਐੱਮ. ਐੱਸ. ਪੀ. ਅਤੇ ਮੰਡੀ ਪ੍ਰਣਾਲੀ ਬਣੀ ਰਹੇਗੀ ਅਤੇ ਉਸ ਨੇ ਵਿਰੋਧੀ ਧਿਰ ’ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਵੀ ਲਾਇਆ ਹੈ।
ਹੁਣ ਅਲਕਾ ਲਾਂਬਾ ਨੇ ਕੋਰੋਨਾ ਟੀਕੇ 'ਤੇ ਚੁੱਕੇ ਸਵਾਲ, ਕਿਹਾ- 'ਪਹਿਲਾਂ PM ਮੋਦੀ ਲਗਵਾਉਣ ਟੀਕਾ'
NEXT STORY