ਕੋਲਕਾਤਾ : ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿਚ ਸਥਿਤ ਸ਼ਿਆਮਨਗਰ ਰੇਲਵੇ ਸਟੇਸ਼ਨ 'ਤੇ ਇੱਕ ਦਿਲ ਕੰਬਾਊ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫਤਾਰ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਇੱਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਸਥਾਨਕ ਲੋਕਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ।
ਸਥਾਨਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇੱਕ ਔਰਤ ਆਪਣੇ ਬੱਚੇ ਨੂੰ ਗੋਦੀ ਵਿੱਚ ਚੁੱਕ ਕੇ ਰੇਲਵੇ ਲਾਈਨ ਪਾਰ ਕਰ ਰਹੀ ਸੀ। ਇਸ ਦੌਰਾਨ ਅਚਾਨਕ ਬੱਚਾ ਉਸ ਦੀ ਗੋਦ 'ਚੋਂ ਛੁੱਟ ਕੇ ਰੇਲਵੇ ਟਰੈਕ ਨੰਬਰ ਤਿੰਨ 'ਤੇ ਡਿੱਗ ਪਿਆ। ਘਬਰਾਈ ਹੋਈ ਮਾਂ ਜਿਵੇਂ ਹੀ ਆਪਣੇ ਬੱਚੇ ਨੂੰ ਚੁੱਕਣ ਲਈ ਟਰੈਕ 'ਤੇ ਗਈ, ਉਸੇ ਸਮੇਂ ਟਰੈਕ 'ਤੇ ਤੇਜ਼ੀ ਨਾਲ ਗੌਰ ਐਕਸਪ੍ਰੈਸ ਆ ਗਈ।
ਇਹ ਖ਼ਤਰਨਾਕ ਮੰਜ਼ਰ ਦੇਖ ਕੇ ਸਟੇਸ਼ਨ 'ਤੇ ਮੌਜੂਦ ਇੱਕ ਫਲ ਵੇਚਣ ਵਾਲੇ ਨੇ ਬਹਾਦਰੀ ਦਿਖਾਉਂਦੇ ਹੋਏ ਮਾਂ ਅਤੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਬਦਕਿਸਮਤੀ ਨਾਲ ਉਹ ਵੀ ਰੇਲਗੱਡੀ ਦੀ ਲਪੇਟ ਵਿਚ ਆ ਗਿਆ। ਰੇਲਗੱਡੀ ਦੀ ਭਿਆਨਕ ਟੱਕਰ ਕਾਰਨ ਤਿੰਨੋਂ ਜਣੇ ਟਰੈਕ ਤੋਂ ਹੇਠਾਂ ਡਿੱਗ ਗਏ ਅਤੇ ਗੰਭੀਰ ਜ਼ਖਮੀ ਹੋ ਗਏ।
ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਮਦਦ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਪਰ ਉਨ੍ਹਾਂ ਨੇ ਦੋਸ਼ ਲਾਇਆ ਕਿ ਗੇਟਕੀਪਰ ਨੇ ਸਮੇਂ ਸਿਰ ਲੈਵਲ ਕਰਾਸਿੰਗ ਦਾ ਗੇਟ ਨਹੀਂ ਖੋਲ੍ਹਿਆ। ਇਸ ਦੇਰੀ ਕਾਰਨ ਐਂਬੂਲੈਂਸ ਘਟਨਾ ਵਾਲੀ ਥਾਂ 'ਤੇ ਸਮੇਂ ਸਿਰ ਨਹੀਂ ਪਹੁੰਚ ਸਕੀ।
ਬਾਅਦ ਵਿੱਚ ਜਦੋਂ ਤਿੰਨਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਤਾਂ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਲੰਮੇ ਸਮੇਂ ਤੱਕ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ।
ATM, SMS, IMPS… Bank ਦੇ ਉਹ ਚਾਰਜ ਜਿਹੜੇ ਪਾਉਂਦੇ ਹਨ ਤੁਹਾਡੀ ਜੇਬ 'ਤੇ ਪ੍ਰਭਾਵ
NEXT STORY