ਬਹਿਰਾਈਚ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਬਹਿਰਾਈਚ-ਲਖਨਊ ਰਾਜਮਾਰਗ 'ਤੇ ਕੈਸਰਗੰਜ ਥਾਣਾ ਖੇਤਰ ਦੇ ਮਦਨੀ ਹਸਪਤਾਲ ਕੋਲ ਇਕ ਟੈਂਪੂ ਸਾਹਮਣੇ ਤੋਂ ਆ ਰਹੇ ਡੰਪਰ (ਵੱਡੇ ਟਰੱਕ) ਨਾਲ ਟਕਰਾ ਗਿਆ। ਇਸ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 10 ਹੋਰ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਮਾਰੇ ਗਏ 5 ਲੋਕ ਇਕ ਹੀ ਪਰਿਵਾਰ ਦੇ ਸਨ ਅਤੇ ਉਹ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ। ਪੁਲਸ ਸੂਤਰਾਂ ਅਨੁਸਾਰ, ਹੁਜੂਰਪੁਰ ਥਾਣਾ ਖੇਤਰ ਦੇ ਅਹਿਰਨਪੁਰਵਾ ਵਾਸੀ 15 ਲੋਕ ਕੈਸਰਗੰਜ ਥਾਣਾ ਖੇਤਰ ਦੇ ਰੂਕਨਾਪੁਰ ਪਿੰਡ 'ਚ ਧੀ ਦਾ ਤਿਲਕ ਕਰ ਕੇ ਵੀਰਵਾਰ ਦੇਰ ਰਾਤ ਟੈਂਪੂ 'ਤੇ ਘਰ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਰਾਤ 12 ਵਜੇ ਦੇ ਨੇੜੇ-ਤੇੜੇ ਉਨ੍ਹਂ ਦਾ ਟੈਂਪੂ ਮਦਨੀ ਹਸਪਤਾਲ ਕੋਲ ਪਹੁੰਚਿਆ, ਉਦੋਂ ਸਾਹਮਣੇ ਤੋਂ ਆ ਰਹੇ ਡੰਪਰ ਡਰਾਈਵਰ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ ਅਤੇ ਹਾਦਸੇ ਵਾਲੀ ਜਗ੍ਹਾ ਤੋਂ ਫਰਾਰ ਹੋ ਗਿਆ।
ਸੂਤਰਾਂ ਅਨੁਸਾਰ, ਹਾਦਸੇ 'ਚ ਭਗਵਾਨ ਪ੍ਰਸਾਦ (40), ਅਨਿਲ (15), ਖੁਸ਼ਬੂ (35), ਹਰੀਸ਼ (45) ਅਤੇ ਜੈਕਰਨ (40) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਨੰਨ੍ਹੇ, ਸੁਨੀਤਾ ਦੇਵੀ, ਚੰਦਨ, ਸਤਿਅਮ, ਰਾਜਿਤਰਾਮ, ਮੰਗਲ, ਕੈਲਾਸ਼, ਰਾਮਦੀਨ, ਨੰਦਲਾਲ ਅਤੇ ਪ੍ਰਦੀਪ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਕੋਲ ਦੇ ਸਰਕਾਰੀ ਸਿਹਤ ਕੇਂਦਰ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਸੂਤਰਾਂ ਅਨੁਸਾਰ ਫਰਾਰ ਡੰਪਰ ਡਰਾਈਵਰ ਦੀ ਭਾਲ ਜਾਰੀ ਹੈ ਅਤੇ ਪੁਲਸ ਘਟਨਾ ਦੀ ਜਾਂਚ ਕਰ ਕੇ ਕਾਨੂੰਨੀ ਕਾਰਵਾਈ ਕਰ ਰਹੀ ਹੈ। ਇਸ ਵਿਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਵੀਟ ਕਰ ਕੇ ਬਹਿਰਾਈਚ 'ਚ ਸੜਕ ਹਾਦਸੇ 'ਤੇ ਡੂੰਘਾ ਦੁਖ਼ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮਰਹੂਮ ਆਤਮਾਵਾਂ ਦੀ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਸੋਗ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਰਾਹਤ ਕੰਮ 'ਚ ਤੇਜ਼ੀ ਲਿਆਉਣ ਅਤੇ ਜ਼ਖ਼ਮੀਆਂ ਦਾ ਇਲਾਜ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਗਰ ਨਿਗਮ ਸ਼ਿਮਲਾ ’ਤੇ ਕਾਂਗਰਸ ਦੀ ਇਕਤਰਫਾ ਜਿੱਤ, 34 ’ਚੋਂ 24 ਵਾਰਡਾਂ ’ਤੇ ਕਬਜ਼ਾ
NEXT STORY