ਨਵੀਂ ਦਿੱਲੀ (ਵਾਰਤਾ)— ਯਮੁਨਾ 'ਚ ਪਾਣੀ ਦਾ ਪੱਧਰ ਘੱਟਣ ਮਗਰੋਂ ਦਿੱਲੀ ਅਤੇ ਹਰਿਆਣਾ 'ਚ ਨਦੀ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਹੜ੍ਹ ਦਾ ਖਤਰਾ ਫਿਲਹਾਲ ਟਲ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੋਂ ਬਾਅਦ ਟਵੀਟ ਕਰ ਕੇ ਕਿਹਾ, ''ਹੁਣ ਤੁਸੀਂ ਚੈਨ ਦਾ ਸਾਹ ਲੈ ਸਕਦੇ ਹੋ। ਫਿਲਹਾਲ ਹੜ੍ਹ ਦਾ ਖਤਰਾ ਟਲ ਗਿਆ। ਯਮੁਨਾ ਦਾ ਪਾਣੀ ਕੁਝ ਘੰਟਿਆਂ ਤੋਂ ਲਗਾਤਾਰ ਘੱਟ ਹੋ ਰਿਹਾ ਹੈ। ਹਰਿਆਣਾ ਤੋਂ ਵੀ ਹੁਣ ਘੱਟ ਪਾਣੀ ਛੱਡਿਆ ਜਾ ਰਿਹਾ ਹੈ। ਯਮੁਨਾ ਦਾ ਪੱਧਰ 206.60 ਤਕ ਪਹੁੰਚ ਗਿਆ ਸੀ। ਹੁਣ 206.44 ਹੋ ਗਿਆ ਹੈ। ਦੋ ਦਿਨ ਵੱਡੀ ਪਰੇਸ਼ਾਨੀ ਰਹੀ। ਰਾਤ-ਦਿਨ ਅਸੀਂ ਲੋਕ ਸਥਿਤੀ 'ਤੇ ਨਜ਼ਰ ਰੱਖ ਰਹੇ ਸੀ।'' ਇਕ ਹੋਰ ਟਵੀਟ ਵਿਚ ਮੁੱਖ ਮੰਤਰੀ ਨੇ ਕਿਹਾ, ''ਇਸ ਗੱਲ ਦੀ ਸਭ ਤੋਂ ਵੱਧ ਤਸੱਲੀ ਹੈ ਕਿ ਕਿਸੇ ਦੀ ਜਾਨ ਨੂੰ ਨੁਕਸਾਨ ਨਹੀਂ ਹੋਇਆ। ਉਨ੍ਹਾਂ ਨੇ ਵਿਭਾਗਾਂ, ਅਫਸਰਾਂ ਅਤੇ ਕਰਮਚਾਰੀਆਂ ਦਾ ਧੰਨਵਾਦ ਜਿਨ੍ਹਾਂ ਨੇ ਰਾਤ-ਦਿਨ ਮਿਹਨਤ ਕੀਤੀ। ਪਾਣੀ ਪੂਰੀ ਤਰ੍ਹਾਂ ਘੱਟ ਹੋ ਜਾਣ ਤੋਂ ਬਾਅਦ ਹੁਣ ਅਸੀਂ ਸਾਰੇ ਲੋਕਾਂ ਨੂੰ ਸੁਰੱਖਿਅਤ ਆਪਣੇ ਘਰਾਂ 'ਚ ਪਹੁੰਚਾਉਣਾ ਹੈ।''

ਇੱਥੇ ਦੱਸ ਦੇਈਏ ਕਿ ਕੇਜਰੀਵਾਲ ਨੇ ਬੁੱਧਵਾਰ ਨੂੰ ਉੱਤਰੀ-ਪੂਰਬੀ ਦਿੱਲੀ ਦੇ ਪ੍ਰਭਾਵਿਤ ਇਲਾਕੇ ਉਸਮਾਨਪੁਰ ਵਿਚ ਰਹਿਣ ਵਾਲੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਰਾਹਤ ਕੈਂਪਾਂ ਦਾ ਜਾਇਜ਼ਾ ਵੀ ਲਿਆ। ਯਮੁਨਾ ਨਦੀ ਦਾ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਬਹੁਤ ਸਾਰੇ ਘਰ ਹੜ੍ਹ ਦੀ ਲਪੇਟ ਵਿਚ ਗਏ ਸਨ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਪਿਛਲੇ 40 ਸਾਲਾਂ ਵਿਚ ਸਭ ਤੋਂ ਵਧ 8.28 ਲੱਖ ਕਿਊਸਿਕ ਪਾਣੀ ਯਮੁਨਾ 'ਚ ਛੱਡਿਆ ਗਿਆ ਸੀ, ਜਿਸ ਕਾਰਨ ਦਿੱਲੀ 'ਤੇ ਹੜ੍ਹ ਦਾ ਖਤਰਾ ਮੰਡਰਾ ਰਿਹਾ ਸੀ। ਯਮੁਨਾ ਨਦੀ ਬੁੱਧਵਾਰ ਨੂੰ ਸਵੇਰੇ 10 ਵਜੇ 206.60 ਮੀਟਰ ਦੇ ਉੱਪਰ ਪਹੁੰਚ ਗਈ ਸੀ, ਜੋ ਕਿ ਖਤਰੇ ਦੇ ਨਿਸ਼ਾਨ ਤੋਂ ਇਕ ਮੀਟਰ ਵੱਧ ਹੈ। ਦਿੱਲੀ 'ਚ 6 ਸਾਲਾਂ ਬਾਅਦ ਯਮੁਨਾ ਫਿਰ ਤੋਂ ਉਫਾਨ 'ਤੇ ਸੀ। ਹੜ੍ਹ ਦੇ ਖਦਸ਼ੇ ਨੂੰ ਦੇਖਦਿਆਂ ਯਮੁਨਾ ਕੰਢੇ ਰਹਿ ਰਹੇ ਹਜ਼ਾਰਾਂ ਲੋਕਾਂ ਨੂੰ ਕੱਢ ਕੇ ਰਾਹਤ ਕੇਂਦਰਾਂ ਵਿਚ ਲਿਜਾਇਆ ਗਿਆ ਸੀ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਉਣ ਅਤੇ ਉਨ੍ਹਾਂ ਦੇ ਰਹਿਣ ਲਈ ਵੱਡੀ ਗਿਣਤੀ ਵਿਚ ਤੰਬੂਆਂ ਦਾ ਪ੍ਰਬੰਧ ਕੀਤਾ ਸੀ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ 2013 'ਚ 8.06 ਲੱਖ ਕਿਊਸਿਕ ਪਾਣੀ ਯਮੁਨਾ ਵਿਚ ਛੱਡਿਆ ਗਿਆ ਸੀ, ਜਿਸ ਕਾਰਨ ਪਾਣੀ ਦਾ ਪੱਧਰ 207.32 ਮੀਟਰ ਤਕ ਪਹੁੰਚ ਗਿਆ ਸੀ।
ਜਿਸ ਹੈੱਡਕੁਆਟਰ ਦਾ ਚਿਦਾਂਬਰਮ ਨੇ ਕੀਤਾ ਸੀ ਉਦਘਾਟਨ, ਉਸੇ ਨੇ ਕੀਤਾ ਦੋਸ਼ੀ ਕਰਾਰ
NEXT STORY