ਨਵੀਂ ਦਿੱਲੀ— ਭਾਰਤੀ ਸਿਆਸਤ ਦੇ ਯੁੱਗਪੁਰਸ਼ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਸ਼ੁੱਕਰਵਾਰ ਇਥੇ ਰਵਾਇਤੀ ਵਿਧੀ ਵਿਧਾਨ, ਮੰਤਰਾਂ ਦੇ ਉਚਾਰਨ, ਅਕਾਸ਼ ਗੂੰਜਾਊ ਨਾਅਰਿਆਂ ਅਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਅਟਲ ਆਤਮਾ ਪ੍ਰਮਾਤਮਾ ਵਿਚ ਵਿਲੀਨ ਹੋ ਗਈ। ਵੀਰਵਾਰ ਸ਼ਾਮ 5 ਵੱਜ ਕੇ 5 ਮਿੰਟ 'ਤੇ ਅਟਲ ਜੀ ਨੇ ਆਖਰੀ ਸਾਹ ਲਏ ਅਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਭਾਰਤੀ ਨੇਤਾਵਾਂ, ਮਹਾਨ ਹਸਤੀਆਂ, ਵਪਾਰੀਆਂ, ਕਿਸਾਨਾਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ, ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਵੀ ਨੇਤਾਵਾਂ ਨੇ ਦਿੱਲੀ ਪੁੱਜ ਕੇ ਅਟਲ ਜੀ ਨੂੰ ਅੰਤਿਮ ਵਿਦਾਈ ਦਿੱਤੀ।
ਇਨ੍ਹਾਂ ਨੇਤਾਵਾਂ ਨੇ ਸੰਦੇਸ਼ ਲਿਖ ਕੇ ਦਿੱਤੀ ਅਟਲ ਜੀ ਨੂੰ ਸ਼ਰਧਾਂਜਲੀ—
ਅਟਲ ਬਿਹਾਰੀ ਵਾਜਪਾਈ ਜੀ ਦੇ ਦਿਹਾਂਤ 'ਤੇ ਅਮਰੀਕਾ, ਰੂਸ, ਜਾਪਾਨ, ਬੰਗਲਾਦੇਸ਼, ਸ਼੍ਰੀਲੰਕਾ, ਪਾਕਿਸਤਾਨ ਅਤੇ ਕਈ ਹੋਰ ਦੇਸ਼ਾਂ ਵਿਚ ਵੀ ਸੋਗ ਛਾਇਆ ਰਿਹਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕਲ ਪੋਂਪੀਓ ਨੇ ਆਪਣੇ ਸ਼ੋਕ ਸੰਦੇਸ਼ ਵਿਚ ਵਾਜਪਾਈ ਵਲੋਂ ਭਾਰਤ ਨੂੰ ਕੌਮਾਂਤਰੀ ਅਤੇ ਆਰਥਕ ਮਹਾਸ਼ਕਤੀ ਬਣਾਉਣ ਲਈ ਪਾਏ ਗਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਹਰ ਭਾਰਤੀ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਭਾਰੀ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ 2000 ਸੰਨ ਵਿਚ ਅਮਰੀਕੀ 'ਕਾਂਗਰਸ' ਵਿਚ ਆਪਣੇ ਸੰਬੋਧਨ ਦੌਰਾਨ ਵਾਜਪਾਈ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਬਰਾਬਰ ਯਤਨਾਂ ਦੀ ਸੁਭਾਵਿਕ ਭਾਈਵਾਲੀ ਕਰਾਰ ਦਿੱਤਾ ਸੀ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਅਸੀਂ ਭਾਰਤ ਦੇ ਸਭ ਤੋਂ ਮਹਾਨ ਸਪੂਤਾਂ ਵਿਚੋਂ ਇਕ ਵਾਜਪਾਈ ਦੇ ਦਿਹਾਂਤ ਦੀ ਖਬਰ ਸੁਣ ਕੇ ਡੂੰਘੇ ਸਦਮੇ ਵਿਚ ਹਾਂ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਅਟਲ ਜੀ ਦੀ ਸਿਫਤ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਟਵਿੱਟਰ 'ਤੇ ਦੁੱਖ ਸਾਂਝਾ ਕੀਤਾ।

ਅੰਤਿਮ ਸੰਸਕਾਰ ਮੌਕੇ ਪੁੱਜੇ ਇਹ ਵਿਦੇਸ਼ੀ ਨੇਤਾ—
ਅਟਲ ਜੀ ਦੇ ਅੰਤਿਮ ਸੰਸਕਾਰ 'ਚ ਭੂਟਾਨ ਦੇ ਨਰੇਸ਼ ਜਿਗਮੇ ਵਾਂਗਚੁਕ, ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ, ਸ਼੍ਰੀਲੰਕਾ ਦੇ ਕਾਰਜਵਾਹਕ ਵਿਦੇਸ਼ ਮੰਤਰੀ ਲਕਸ਼ਮਣ ਕਿਰੇਲਾ, ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਅਬੁਲ ਹਸਨ ਮਹਿਮੂਦ ਅਲੀ ਅਤੇ ਪਾਕਿਸਤਾਨ ਦੇ ਕਾਨੂੰਨ ਮੰਤਰੀ ਸਈਦ ਜ਼ਫਰ ਅਲੀ ਵੀ ਇਸ ਮੌਕੇ ਮੌਜੂਦ ਸਨ।

ਮਾਰੀਸ਼ਸ ਸਰਕਾਰ ਨੇ ਝੰਡਾ ਅੱਧਾ ਝੁਕਾਇਆ—
ਮਾਰੀਸ਼ਸ ਸਰਕਾਰ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪ੍ਰਤੀ ਸਤਿਕਾਰ ਵਜੋਂ ਆਪਣੇ ਦੇਸ਼ ਵਿਚ ਸਥਿਤ ਸਾਰੀਆਂ ਸਰਕਾਰੀ ਇਮਾਰਤਾਂ 'ਤੇ ਆਪਣਾ ਝੰਡਾ ਅੱਧਾ ਝੁਕਾਉਣ ਦਾ ਐਲਾਨ ਕੀਤਾ ਹੈ। ਮਾਰੀਸ਼ਸ ਵਿਚ ਭਾਰਤ ਦਾ ਤਿਰੰਗਾ ਵੀ ਅੱਧਾ ਝੁਕਿਆ ਰਹੇਗਾ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦਰ ਜੁਗਨੌਥ ਨੇ ਪੀ.ਐੱਮ. ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਵਾਜਪਾਈ ਦੇ ਦਿਹਾਂਤ 'ਤੇ ਅਫਸੋਸ ਪ੍ਰਗਟ ਕੀਤਾ ਹੈ।
ਕੁਪਵਾੜਾ ਤੇ ਬਾਂਦੀਪੋਰਾ 'ਚ ਮੁਕਾਬਲਾ, ਜਵਾਨ ਸ਼ਹੀਦ, 4 ਜ਼ਖ਼ਮੀ
NEXT STORY