ਭਦੋਹੀ (ਉੱਤਰ ਪ੍ਰਦੇਸ਼) : ਉੱਤਰ ਪ੍ਰਦੇਸ਼ ਦੀ ਭਦੋਹੀ ਪੁਲਸ ਨੇ ਇੱਕ ਅਜਿਹੇ ਸਾਈਬਰ ਅਪਰਾਧੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ ਮਹਿਜ਼ 19 ਤੋਂ 21 ਸਾਲ ਦੀ ਉਮਰ ਵਿੱਚ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੁਲਸ ਨੇ ਇਸ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਤੇ ਸਰਕਾਰੀ ਯੋਜਨਾਵਾਂ ਦੇ ਨਾਂ 'ਤੇ ਗਰੀਬਾਂ ਦੇ ਬੈਂਕ ਖਾਤੇ ਖੁਲਵਾ ਕੇ 10 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕਰਨ ਦਾ ਦੋਸ਼ ਹੈ। ਪੁਲਸ ਮੁਤਾਬਕ ਇਹ ਅੰਕੜਾ 50 ਕਰੋੜ ਰੁਪਏ ਤੱਕ ਜਾ ਸਕਦਾ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਰੇਹੜੀ-ਪਟਰੀ ਵਾਲਿਆਂ ਅਤੇ ਗਰੀਬ ਲੋਕਾਂ ਨੂੰ ਸਰਕਾਰੀ ਸਕੀਮਾਂ ਤਹਿਤ ਸਸਤਾ ਲੋਨ ਦਿਵਾਉਣ ਦਾ ਲਾਲਚ ਦਿੰਦਾ ਸੀ। ਇਸੇ ਬਹਾਨੇ ਉਨ੍ਹਾਂ ਦੇ ਬੈਂਕ ਖਾਤੇ ਖੁਲਵਾਏ ਜਾਂਦੇ ਸਨ ਅਤੇ ਉਨ੍ਹਾਂ ਦੇ ਏਟੀਐਮ ਕਾਰਡ, ਪਾਸਬੁੱਕ ਅਤੇ ਖਾਤੇ ਨਾਲ ਲਿੰਕ ਮੋਬਾਈਲ ਨੰਬਰ ਆਪਣੇ ਕਬਜ਼ੇ ਵਿੱਚ ਲੈ ਲਏ ਜਾਂਦੇ ਸਨ। ਇਨ੍ਹਾਂ ਖਾਤਿਆਂ ਦੀ ਵਰਤੋਂ ਦੇਸ਼ ਭਰ ਵਿੱਚ ਸਾਈਬਰ ਅਪਰਾਧਾਂ ਰਾਹੀਂ ਲੁੱਟੇ ਗਏ ਪੈਸਿਆਂ ਨੂੰ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਸੀ।
ਪੁਲਸ ਸੁਪਰਡੈਂਟ ਅਭਿਨਵ ਤਿਆਗੀ ਨੇ ਦੱਸਿਆ ਕਿ ਇਹ ਗਿਰੋਹ ਬੇਹੱਦ ਸ਼ਾਤਰ ਤਰੀਕੇ ਨਾਲ ਕੰਮ ਕਰਦਾ ਸੀ। ਇਹ ਲੋਕ ਵਟਸਐਪ, ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਗਰੁੱਪਾਂ ਰਾਹੀਂ ਲੋਕਾਂ ਨੂੰ APK ਫਾਈਲਾਂ ਭੇਜਦੇ ਸਨ। ਸ਼ਾਪਿੰਗ ਅਤੇ ਕ੍ਰੈਡਿਟ ਸੇਵਾਵਾਂ ਦੇ ਨਾਂ 'ਤੇ ਭੇਜੀਆਂ ਗਈਆਂ ਇਨ੍ਹਾਂ ਫਾਈਲਾਂ ਰਾਹੀਂ ਉਹ ਲੋਕਾਂ ਦੇ ਡੇਟਾ ਨਾਲ ਛੇੜਛਾੜ ਕਰਦੇ ਅਤੇ ਧੋਖਾਧੜੀ ਨੂੰ ਅੰਜਾਮ ਦਿੰਦੇ ਸਨ। ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (NCPR) 'ਤੇ ਇਨ੍ਹਾਂ ਖਾਤਿਆਂ ਵਿਰੁੱਧ ਪਹਿਲਾਂ ਹੀ 545 ਸ਼ਿਕਾਇਤਾਂ ਦਰਜ ਹਨ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਸ਼ੁਲ ਮਿਸ਼ਰਾ, ਕਪਿਲ ਰਾਵਤ ਅਤੇ ਮੁਹੰਮਦ ਸ਼ੋਏਬ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਚਾਰ ਐਂਡਰਾਇਡ ਫੋਨ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਅਤੇ ਝਾਰਖੰਡ ਸਮੇਤ ਕਈ ਰਾਜਾਂ ਦੇ ਬੈਂਕ ਖਾਤਿਆਂ ਦਾ ਡੇਟਾ ਮਿਲਿਆ ਹੈ। ਇਹ ਨੌਜਵਾਨ ਠੱਗੀ ਦੀ ਰਕਮ ਨੂੰ ਏਟੀਐਮ, ਪੈਟਰੋਲ ਪੰਪਾਂ ਅਤੇ ਕ੍ਰਿਪਟੋਕਰੰਸੀ ਚੈਨਲਾਂ ਰਾਹੀਂ ਕਢਵਾਉਂਦੇ ਸਨ। ਗਿਰੋਹ ਦੇ ਦੋ ਹੋਰ ਮੈਂਬਰ, ਅਸਤਿਤਵ ਵਰਮਾ ਅਤੇ ਧਰੁਵ ਪਾਠਕ, ਅਜੇ ਫਰਾਰ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ।
ਘੱਟੋ-ਘੱਟ ਤਨਖਾਹ 69000 ਰੁਪਏ...! ਮੁਲਾਜ਼ਮਾਂ ਦੀ ਲੱਗੇਗੀ ਲਾਟਰੀ, 8th Pay Commission 'ਤੇ ਵੱਡੀ ਅਪਡੇਟ
NEXT STORY