ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਵਿਦੇਸ਼ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 22 ਲੱਖ ਰੁਪਏ ਦੀ ਸਾਈਬਰ ਠੱਗੀ ਕਰਨ ਵਾਲੇ ਗਿਰੋਹ ਦੇ ਇੱਕ ਮੁੱਖ ਦੋਸ਼ੀ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਰਹਿਣ ਵਾਲੇ ਵਸੀਮ ਹੁਸੈਨ ਵਜੋਂ ਹੋਈ ਹੈ।
ਅਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ (ਸਾਈਬਰ ਕ੍ਰਾਈਮ) ਵਿਜੇ ਕੁਮਾਰ ਸਿੰਘ ਨੇ ਦੱਸਿਆ ਕਿ ਮਈ 2024 ਵਿੱਚ ਜੈਪੁਰ ਦੇ ਇੱਕ ਨਾਗਰਿਕ ਨਾਲ ਫੇਸਬੁੱਕ 'ਤੇ 'ਡਾਇਓਨ ਮਾਰਲੇ' ਨਾਂ ਦੀ ਔਰਤ ਨੇ ਦੋਸਤੀ ਕੀਤੀ। ਉਸ ਨੇ ਖੁਦ ਨੂੰ ਅਮਰੀਕਾ ਦੀ ਰਹਿਣ ਵਾਲੀ ਅਤੇ ਇੰਗਲੈਂਡ ਦੀ ਇੱਕ ਫਾਰਮਾਸਿਊਟੀਕਲ ਕੰਪਨੀ ਵਿੱਚ ਅਕਾਊਂਟੈਂਟ ਦੱਸਿਆ।
ਠੱਗਾਂ ਨੇ ਪੀੜਤ ਦੇ ਪੁੱਤਰ ਨੂੰ ਵਿਦੇਸ਼ 'ਚ ਜ਼ਿਆਦਾ ਤਨਖਾਹ ਵਾਲੀ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਏਅਰਪੋਰਟ, ਕਸਟਮ ਕਲੀਅਰੈਂਸ, ਮਨੀ ਲਾਂਡਰਿੰਗ ਸਰਟੀਫਿਕੇਟ ਅਤੇ ਇਨਕਮ ਟੈਕਸ ਚਾਰਜ ਦੇ ਨਾਂ 'ਤੇ ਵੱਖ-ਵੱਖ ਬੈਂਕ ਅਕਾਊਂਟਾਂ 'ਚ ਕੁੱਲ 22 ਲੱਖ ਰੁਪਏ ਜਮ੍ਹਾਂ ਕਰਵਾ ਲਏ। ਗਿਰੋਹ ਦੇ ਮੈਂਬਰਾਂ ਨੇ ਕਸਟਮ ਅਧਿਕਾਰੀ ਬਣ ਕੇ ਫੋਨ ਕੀਤੇ ਅਤੇ ਵਟਸਐਪ 'ਤੇ ਜਾਅਲੀ ਰਸੀਦਾਂ ਭੇਜੀਆਂ। ਪੈਸੇ ਦੇਣ ਤੋਂ ਮਨ੍ਹਾ ਕਰਨ 'ਤੇ ਪੀੜਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਇਹ ਗਿਰੋਹ ਸੋਸ਼ਲ ਮੀਡੀਆ ਰਾਹੀਂ ਬਜ਼ੁਰਗਾਂ ਅਤੇ ਇਕੱਲੇ ਰਹਿੰਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਠੱਗੀ ਦੇ ਪੈਸਿਆਂ ਦੇ ਲੈਣ-ਦੇਣ ਲਈ 'ਮਿਊਲ' ਬੈਂਕ ਅਕਾਊਂਟਾਂ ਦੀ ਵਰਤੋਂ ਕਰਦਾ ਸੀ। ਤਕਨੀਕੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਸੀਮ ਹੁਸੈਨ ਨੇ ਆਪਣੇ 3 ਬੈਂਕ ਅਕਾਊਂਟ ਦਿੱਤੇ ਸਨ, ਜਿਨ੍ਹਾਂ 'ਚ ਠੱਗੀ ਦੇ ਲਗਭਗ 4.12 ਲੱਖ ਰੁਪਏ ਜਮ੍ਹਾਂ ਹੋਏ ਸਨ।
ਪੁੱਛਗਿੱਛ ਦੌਰਾਨ ਵਸੀਮ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਚਚੇਰੇ ਭਰਾਵਾਂ ਮੁਰਸ਼ਦ ਹੁਸੈਨ ਅਤੇ ਅਰਸ਼ਦ ਹੁਸੈਨ ਦੇ ਕਹਿਣ 'ਤੇ 70,000 ਰੁਪਏ ਕਮਿਸ਼ਨ ਦੇ ਲਾਲਚ 'ਚ ਇਹ ਅਕਾਊਂਟ ਖੋਲ੍ਹ ਕੇ ਉਨ੍ਹਾਂ ਦੇ ਏ.ਟੀ.ਐੱਮ, ਚੈੱਕਬੁੱਕ ਅਤੇ ਸਿਮ ਕਾਰਡ ਉਨ੍ਹਾਂ ਨੂੰ ਸੌਂਪੇ ਸੀ। ਫਿਲਹਾਲ ਪੁਲਸ ਇਸ ਗੈਂਗ ਦੇ ਬਾਕੀ ਫਰਾਰ ਮੈਂਬਰਾਂ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਹੁਣ ਨਹੀਂ ਬਚ ਸਕਣਗੇ ਤਸਕਰ! ਹਿਮਾਚਲ 'ਚ ਨਸ਼ੇ ਦੀ ਪਛਾਣ ਲਈ ਆਈ ਮੋਬਾਈਲ ਜਾਂਚ ਮਸ਼ੀਨ
NEXT STORY