ਪਣਜੀ (ਭਾਸ਼ਾ)—ਗੋਆ ਸਰਕਾਰ ਨੇ ਬੁੱਧਵਾਰ ਨੂੰ ਆਪਣੀ ਮਿਆਰੀ ਓਪਰੇਟਿੰਗ ਵਿਧੀ (ਐੱਸ. ਓ. ਪੀ.) 'ਚ ਬਦਲਾਅ ਕਰਦੇ ਹੋਏ ਰੇਲ, ਸੜਕ ਅਤੇ ਹਵਾਈ ਮਾਰਗ ਰਾਹੀਂ ਸੂਬੇ ਵਿਚ ਆ ਰਹੇ ਲੋਕਾਂ ਦੇ 14 ਦਿਨ ਤਕ ਖੁਦ ਕੁਆਰੰਟਾਈਨ ਰਹਿਣ ਦੇ ਬਦਲ ਨੂੰ ਖਤਮ ਕਰ ਦਿੱਤਾ ਹੈ। ਉੱਥੇ ਕੋਰੋਨਾ ਵਾਇਰਸ ਤੋਂ ਪੀੜਤ ਨਾ ਹੋਣ ਦਾ ਸਰਟੀਫਿਕੇਟ ਜਾਂ ਗੋਆ ਆਉਣ ਤੋਂ ਬਾਅਦ ਜਾਂਚ ਕਰਾਉਣ ਵਰਗੀਆਂ ਪੁਰਾਣੀਆਂ ਸ਼ਰਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕੈਬਨਿਟ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਲ, ਸੜਕ ਅਤੇ ਹਵਾਈ ਮਾਰਗ ਰਾਹੀਂ ਗੋਆ ਆ ਰਹੇ ਲੋਕਾਂ ਕੋਲ ਕੋਰੋਨਾ ਨਾਲ ਪੀੜਤ ਨਾ ਹੋਣ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾਂ ਇੱਥੇ ਆਉਂਦੇ ਹੀ ਉਨ੍ਹਾਂ ਨੂੰ ਇਸ ਦੀ ਜਾਂਚ ਕਰਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਆਉਣ ਤੋਂ ਬਾਅਦ 14 ਦਿਨ ਤੱਕ ਖੁਦ ਨੂੰ ਕੁਆਰੰਟਾਈਨ ਵਿਚ ਰਹਿਣ ਦੇ ਬਦਲ ਨੂੰ ਬੁੱਧਵਾਰ ਨੂੰ ਖਤਮ ਕਰ ਦਿੱਤਾ ਗਿਆ ਹੈ।
ਦਰਅਸਲ ਗੋਆ 'ਚ ਵਿਰੋਧੀ ਦਲਾਂ ਨੇ ਨਿਗਰਾਨੀ ਸਬੰਧੀ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਖੁਦ ਕੁਆਰੰਟਾਈਨ ਰਹਿਣ ਦੇ ਬਦਲ ਦਾ ਵਿਰੋਧ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਖੁਦ ਕੁਆਰੰਟਾਈਨ ਰਹਿਣ ਦਾ ਬਦਲ ਇਸ ਲਈ ਦਿੱਤਾ ਗਿਆ ਸੀ, ਕਿਉਂਕਿ ਸੂਬੇ 'ਚ 24 ਘੰਟਿਆਂ 'ਚ ਕਰੀਬ 1,000 ਨਮੂਨਿਆਂ ਦੀ ਜਾਂਚ ਹੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖਿਆ ਕਿ ਕਈ ਉਡਾਣਾਂ ਰੱਦ ਹੋ ਰਹੀਆਂ ਹਨ ਅਤੇ ਰੋਜ਼ਾਨਾ ਕਰੀਬ 1,000 ਲੋਕ ਹੀ ਸੂਬੇ ਵਿਚ ਆ ਰਹੇ ਹਨ। ਗੋਆ ਵਿਚ ਮੰਗਲਵਾਰ ਤੱਕ ਕੋਰੋਨਾ ਦੇ 67 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ 39 ਦਾ ਅਜੇ ਇਲਾਜ ਜਾਰੀ ਹੈ। ਸਾਵੰਤ ਨੇ ਕਿਹਾ ਕਿ ਗੋਆ ਹੁਣ ਵੀ ਗ੍ਰੀਨ ਜ਼ੋਨ ਵਿਚ ਹੈ ਅਤੇ ਸੂਬਾ ਸਰਹੱਦਾਂ 'ਤੇ ਹੀ ਮਾਮਲਿਆਂ ਨੂੰ ਕੰਟਰੋਲ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੋਆ 'ਚ 90 ਫੀਸਦੀ ਮਰੀਜ਼ ਮਹਾਰਾਸ਼ਟਰ ਤੋਂ ਆਏ ਲੋਕ ਹਨ।
ਤਾਲਾਬੰਦੀ-5 'ਤੇ PM ਮੋਦੀ ਛੇਤੀ ਕਰਨਗੇ 'ਮਨ ਕੀ ਬਾਤ', ਮਿਲੇਗੀ ਹੋਰ ਵੀ ਢਿੱਲ
NEXT STORY