ਨਵੀਂ ਦਿੱਲੀ– ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਚੀਨੀ ਲੋਨ ਐਪ ਦੀ ਜਾਅਲਸਾਜ਼ੀ ਕਾਰਨ ਕਈ ਲੋਕ ਖ਼ੁਦਕੁਸ਼ੀ ਕਰਨ ਨੂੰ ਮਜਬੂਰ ਹੋਏ ਹਨ ਪਰ ਸਰਕਾਰ ਨੇ ਕੋਈ ਉੱਚਿਤ ਕਾਰਵਾਈ ਨਹੀਂ ਕੀਤੀ। ਪਾਰਟੀ ਬੁਲਾਰੇ ਗੌਰਵ ਵੱਲਭ ਨੇ ਸਵਾਲ ਕੀਤਾ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ’ਚ ਮੂਕਦਰਸ਼ਕ ਕਿਉਂ ਬਣੇ ਹੋਏ ਹਨ?
ਗੌਰਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪਿਛਲੇ 2 ਸਾਲਾਂ ’ਚ ਚੀਨੀ ਲੋਨ ਐਪ, ਜਿਨ੍ਹਾਂ ਦੀ ਗਿਣਤੀ ਲੱਗਭਗ 1100 ਹੋ ਚੁੱਕੀ ਹੈ, ਉਨ੍ਹਾਂ ’ਚੋਂ 600 ਗੈਰ-ਕਾਨੂੰਨੀ ਹਨ। 2017-2020 ਦਰਮਿਆਨ ਇਨ੍ਹਾਂ ਲੋਕ ਐਪ ਤੋਂ ਡਿਜੀਟਲ ਟਰਾਂਜੈਕਸ਼ਨ ’ਚ 12 ਗੁਣਾ ਵਾਧਾ ਹੋਇਆ ਹੈ। ਵੱਲਭ ਨੇ ਦਾਅਵਾ ਕੀਤਾ ਕਿ ਚੀਨੀ ਲੋਨ ਐਪ ਕਾਰਨ ਦੇਸ਼ ਦੇ 52 ਲੋਕ ਖ਼ੁਦਕੁਸ਼ੀ ਕਰ ਚੁੱਕੇ ਹਨ। ਕੋਰੋਨਾ ਤੋਂ ਬਾਅਦ ਮੱਧ ਅਤੇ ਹੇਠਲੇ ਵਰਗ ਦੇ ਪਰਿਵਾਰਾਂ ਨੂੰ ਭਿਆਨਕ ਆਰਥਿਕ ਸੰਕਟ ਨਾਲ ਜੂਝਣਾ ਪਿਆ। ਇਕ ਤਾਂ ਉਨ੍ਹਾਂ ਦੀ ਨੌਕਰੀ ਗਈ ਉੱਪਰੋਂ ਮਹਿੰਗਾਈ ਦੀ ਮਾਰ। ਇਸ ਦੌਰਾਨ ਰੋਜ਼ਾਨਾ ਦੀ ਜ਼ਿੰਦਗੀ ਦੇ ਖਰਚ ਲਈ ਉਹ ਚੀਨੀ ਲੋਨ ਐਪ ਦੇ ਸ਼ਿਕੰਜੇ ’ਚ ਫਸ ਗਏ।
ਕਾਂਗਰਸ ਬੁਲਾਰੇ ਨੇ ਦਾਅਵਾ ਕੀਤਾ ਕਿ ਇਨ੍ਹਾਂ ਚੀਨੀ ਲੋਨ ਐਪ ਵਲੋਂ ਚੀਨ ਦੇ ਹਵਾਲਾ ਜ਼ਰੀਏ 500 ਕਰੋੜ ਰੁਪਏ ਭੇਜੇ ਗਏ ਹਨ। ਮਤਲਬ ਪਹਿਲਾਂ ਬੇਰੁਜ਼ਗਾਰੀ ਦਿਓ, ਫਿਰ ਮਹਿੰਗਾਈ ਦਿਓ ਅਤੇ ਫਿਰ ਇਸ ਨਾਲ ਨਜਿੱਠਣ ਲਈ ਜਨਤਾ ਨੂੰ ਚੀਨੀ ਐਪ ਤੋਂ ਪੈਸਾ ਲੈਣ ਲਈ ਬੋਲ ਦਿਓ। ਵੱਲਭ ਨੇ ਇਹ ਵੀ ਪੁੱਛਿਆ ਕਿ ਭਾਰਤ ਸਰਕਾਰ ਕਿਸ ਦੀ ਉਡੀਕ ਕਰ ਰਹੀ ਹੈ? ਸਰਕਾਰ ਅਤੇ ਮੋਦੀ ਜੀ ਮੂਕਦਰਸ਼ਕ ਕਿਉਂ ਬਣੇ ਹੋਏ ਹਨ?
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਦੇ ਬੀਤੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ’ਚ ਕਿਹਾ ਸੀ ਕਿ ਸਰਕਾਰ ਸ਼ੱਕੀ ਲੋਨ ਐਪ ਖ਼ਿਲਾਫ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਭਾਰਤੀ ਲੋਕਾਂ ਖ਼ਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਅਜਿਹੇ ਐਪ ਨੂੰ ਸਥਾਪਤ ਕਰਨ ’ਚ ਮਦਦ ਕੀਤੀ ਹੈ।
ਸ਼ੋਪੀਆਂ ’ਚ ਜ਼ਬਰਦਸਤ ਮੁਕਾਬਲਾ, ਲਸ਼ਕਰ ਦੇ 3 ਅੱਤਵਾਦੀ ਮਾਰੇ
NEXT STORY