ਨਵੀਂ ਦਿੱਲੀ (ਭਾਸ਼ਾ)– ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਦੇ ਇਲਾਜ ਦਾ ਖਰਚ ਚੁੱਕਣ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ 31 ਸਾਲਾ ਹਰਜੋਤ ਸਿੰਘ 27 ਫਰਵਰੀ ਨੂੰ ਦੋ ਲੋਕਾਂ ਨਾਲ ਕੀਵ ਤੋਂ ਨਿਕਲਣ ਦੀ ਕੋਸ਼ਿਸ਼ ’ਚ ਯੂਕ੍ਰੇਨ ਦੇ ਪੱਛਮੀ ਸ਼ਹਿਰ ਲੀਵ ਜਾਣ ਲਈ ਕੈਬ ’ਚ ਸਵਾਰ ਹੋਇਆ ਸੀ। ਹਰਜੋਤ ਨੂੰ 4 ਗੋਲੀਆਂ ਲੱਗੀਆਂ ਸਨ, ਜਿਸ ’ਚੋਂ ਇਕ ਗੋਲੀ ਸੀਨੇ ’ਚ ਲੱਗੀ। ਉਹ ਦਿੱਲੀ ਦਾ ਰਹਿਣ ਵਾਲਾ ਹੈ। ਹਰਜੋਤ ਸਿੰਘ ਦਾ ਕੀਵ ਦੇ ਇਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਓਧਰ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਸਾਨੂੰ ਮਾਮਲੇ ਦੀ ਜਾਣਕਾਰੀ ਹੈ। ਸਾਡਾ ਦੂਤਘਰ ਉਸ ਦੇ ਪਰਿਵਾਰ ਨਾਲ ਸੰਪਰਕ ’ਚ ਹੈ। ਮੈਨੂੰ ਲੱਗਦਾ ਹੈ ਕਿ ਉਹ ਅਜੇ ਕੀਵ ਦੇ ਹਸਪਤਾਲ ’ਚ ਹੈ। ਅਸੀਂ ਉਸ ਦੀ ਮੈਡੀਕਲ ਸਥਿਤੀ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਗਚੀ ਨੇ ਉਮੀਦ ਜਤਾਈ ਕਿ ਭਾਰਤ, ਹਰਜੋਤ ਸਿੰਘ ਅਤੇ ਹੋਰ ਲੋਕਾਂ ਨੂੰ ਕਿਸੇ ਤਰ੍ਹਾਂ ਵਾਪਸ ਲਿਆ ਸਕੇਗਾ।
ਬਾਗਚੀ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦੇ 3 ਟਰਾਂਸਪੋਰਟ ਜਹਾਜ਼ ਸ਼ੁੱਕਰਵਾਰ ਨੂੰ ਯੂਕ੍ਰੇਨ ਲਈ ਰਾਹਤ ਸਮੱਗਰੀ ਲੈ ਕੇ ਗਏ। ਪਹਿਲਾ ਜਹਾਜ਼ 6 ਟਨ ਸਮੱਗਰੀ ਲੈ ਕੇ ਰੋਮਾਨੀਆ ਲਈ ਰਵਾਨਾ ਹੋਇਆ, ਜਦਕਿ ਦੂਜਾ ਜਹਾਜ਼ 9 ਟਨ ਸਾਮਾਨ ਲੈ ਕੇ ਸਲੋਕਾਵੀਆ ਰਵਾਨਾ ਹੋਇਆ। ਤੀਜਾ ਜਹਾਜ਼ 8 ਟਨ ਸਮੱਗਰੀ ਲੈ ਕੇ ਪੋਲੈਂਡ ਗਿਆ ਹੈ। ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਰੂਸ ਯੂਕ੍ਰੇਨ ’ਤੇ ਫ਼ੌਜੀ ਕਾਰਵਾਈ ਕਾਰਨ ਉੱਥੇ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀ ਅਤੇ ਨਾਗਰਿਕ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਭਾਰਤ ਸਰਕਾਰ ਵਲੋਂ ‘ਆਪ੍ਰੇਸ਼ਨ ਗੰਗਾ’ ਚਲਾਇਆ ਜਾ ਰਿਹਾ ਹੈ।
ਮੁਕਾਬਲੇ ’ਚ ਜ਼ਖਮੀ ਅੱਤਵਾਦੀ ਅਬਰਾਰ ਗ੍ਰਿਫਤਾਰ, ਸਾਥੀ ਫਰਾਰ
NEXT STORY