ਚੰਡੀਗੜ੍ਹ, (ਦੀਪਕ ਬਾਂਸਲ)- ਕੇਂਦਰੀ ਚੋਣ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਹਰਿਆਣਾ ਭਾਜਪਾ ਦੇ ਪ੍ਰਮੁੱਖ ਨੇਤਾਵਾਂ ਦੀ ਛੋਟੀ ਟੋਲੀ ਦੀ ਸ਼ੁੱਕਰਵਾਰ ਨੂੰ ਲੰਮੀ ਬੈਠਕ ਚੱਲੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਹਿਲਾਂ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਅਤੇ ਫਿਰ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ।
ਦੁਪਹਿਰ ਨੂੰ ਵਿਧਾਨ ਸਭਾ ਚੋਣਾਂ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੇ ਨਿਵਾਸ ’ਤੇ ਛੋਟੀ ਟੋਲੀ ਦੀ ਬੈਠਕ ਚੱਲੀ, ਜਿਸ ’ਚ ਕੇਂਦਰੀ ਮੰਤਰੀ ਮਨੋਹਰ ਲਾਲ, ਭਾਜਪਾ ਇੰਚਾਰਜ ਡਾ. ਸਤੀਸ਼ ਪੂਨੀਆ, ਵਿਧਾਨ ਸਭਾ ਚੋਣਾਂ ਦੇ ਸਹਿ-ਇੰਚਾਰਜ ਬਿਪਲਬ ਕੁਮਾਰ ਦੇਬ, ਸੀ. ਐੱਮ. ਨਾਇਬ ਸੈਣੀ, ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਅਤੇ ਰਾਜਸੀ ਸੰਗਠਨ ਮੰਤਰੀ ਫਨਿੰਦਰਨਾਥ ਸ਼ਰਮਾ ਸ਼ਾਮਲ ਹੋਏ। ਇੰਨਾ ਜ਼ਰੂਰ ਹੈ ਕਿ ਭਾਜਪਾ ਨੇ ਸਾਰੀਆਂ 90 ਸੀਟਾਂ ’ਤੇ ਮੰਥਨ ਪੂਰਾ ਕਰ ਲਿਆ ਹੈ।
ਛੋਟੀ ਟੋਲੀ ਨੇ ਸੂਬੇ ਦੀਆਂ 25 ਤੋਂ 40 ਵਿਧਾਨ ਸਭਾ ਸੀਟਾਂ ’ਤੇ ਉਨ੍ਹਾਂ ਉਮੀਦਵਾਰਾਂ ਦੇ ਨਾਂ ਨੂੰ ਲੈ ਕੇ ਚਰਚਾ ਕੀਤੀ, ਜਿਨ੍ਹਾਂ ’ਤੇ 2 ਤੋਂ 3 ਦਾਅਵੇਦਾਰ ਬਣੇ ਹੋਏ ਹਨ।
ਉੱਥੇ ਹੀ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਕਿਹਾ ਕਿ 2 ਸਤੰਬਰ ਨੂੰ ਪਾਰਟੀ ਦੀ ਚੋਣ ਕਮੇਟੀ ਦੀ ਬੈਠਕ ਫਿਰ ਤੋਂ ਹੋਵੇਗੀ, ਜਿਸ ’ਚ ਟਿਕਟਾਂ ’ਤੇ ਅੰਤਿਮ ਮੋਹਰ ਲਾਈ ਜਾਵੇਗੀ।
5 ਸਤੰਬਰ ਤੋਂ ਪਹਿਲਾਂ ਜਾਰੀ ਹੋ ਸਕਦੀ ਹੈ ਸੂਚੀ : ਉਦੇਭਾਨ
ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਬੈਠਕ ਦਾ ਅੱਜ ਤੀਜਾ ਦਿਨ ਹੈ, ਜਿਸ ’ਚ ਉਮੀਦਵਾਰਾਂ ਦੇ ਨਾਵਾਂ ’ਤੇ ਮੰਥਨ ਜਾਰੀ ਰਿਹਾ। ਨਵੀਂ ਦਿੱਲੀ ਸਥਿਤ ਹਿਮਾਚਲ ਭਵਨ ’ਚ ਚੱਲ ਰਹੀ ਇਸ ਬੈਠਕ ’ਚ ਹਰਿਆਣਾ ਕਾਂਗਰਸ ਦੇ ਇੰਚਾਰਜ ਦੀਪਕ ਬਾਬਰੀਆ, ਪਾਰਟੀ ਦੇ ਸੂਬਾ ਪ੍ਰਧਾਨ ਉਦੇਭਾਨ ਅਤੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਹੁੱਡਾ ਮੌਜੂਦ ਹਨ।
ਉਦੇਭਾਨ ਦੀ ਮੰਨੀਏ ਤਾਂ 5 ਸਤੰਬਰ ਤੋਂ ਪਹਿਲਾਂ ਕਾਂਗਰਸ ਉਮੀਦਵਾਰਾਂ ਦੀ ਸੂਚੀ ਜਾਰੀ ਹੋ ਸਕਦੀ ਹੈ, ਕਿਉਂਕਿ 2 ਸਤੰਬਰ ਨੂੰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੈ, ਜਿਸ ’ਚ ਨਾਵਾਂ ’ਤੇ ਮਨਜ਼ੂਰੀ ਦੀ ਮੋਹਰ ਲੱਗ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਬੈਠਕ ’ਚ ਦਾਅਵੇਦਾਰਾਂ ਦੀ ਛਾਂਟੀ ਤੋਂ ਬਾਅਦ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਪੈਨਲ ਤਿਆਰ ਕਰ ਲਏ ਗਏ ਹਨ। ਲੱਗਭਗ 3 ਦਰਜਨ ਪੈਨਲ ਸਿੰਗਲ ਨਾਂ ਦੇ ਹਨ, ਜਦੋਂ ਕਿ ਕੁਝ ਪੈਨਲਾਂ ’ਚ 2 ਤੋਂ 4 ਦਾਅਵੇਦਾਰਾਂ ਦੇ ਨਾਂ ਸ਼ਾਮਲ ਹਨ। ਕਾਂਗਰਸ ਆਪਣੇ ਮੌਜੂਦਾ ਵਿਧਾਇਕਾਂ ’ਤੇ ਹੀ ਦਾਅ ਖੇਡਣ ਦੇ ਮੂਡ ’ਚ ਹੈ।
ਉੱਥੇ ਹੀ, ਕਾਂਗਰਸ ’ਚ ਸ਼ਾਮਲ ਹੋਏ ਲੱਗਭਗ 4 ਦਰਜਨ ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ ਅਤੇ ਪ੍ਰਮੁੱਖ ਨੇਤਾਵਾਂ ’ਚੋਂ ਕੁਝ ਨੂੰ ਟਿਕਟ ਮਿਲ ਸਕਦੀ ਹੈ।
ਚਰਿੱਤਰ ’ਤੇ ਸ਼ੱਕ ਕਾਰਨ ਪਤਨੀ ਦੀ ਚਾਕੂ ਮਾਰ ਕੇ ਹੱਤਿਆ
NEXT STORY