ਚੇਨਈ— ਤਾਮਿਲਨਾਡੂ ’ਚ ਮੋਹਲੇਧਾਰ ਮੀਂਹ ਵੱਡੀ ਆਫ਼ਤ ਬਣ ਗਿਆ ਹੈ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨ. ਡੀ. ਆਰ. ਐੱਫ.) ਨੇ ਕਈ ਇਲਾਕਿਆਂ ਵਿਚ ਮੀਂਹ ਕਾਰਨ ਤਾਮਿਲਨਾਡੂ ’ਚ 5 ਬਚਾਅ ਟੀਮਾਂ ਤਾਇਨਾਤ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ ਮਦੁਰੈ ਜ਼ਿਲ੍ਹੇ ’ਚ ਦੋ, ਚੇਨਈ ਅਤੇ ਤਿਰੁਵੱਲੂਰ ਜ਼ਿਲ੍ਹਿਆਂ ’ਚ ਇਕ-ਇਕ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਲੋੜ ਪੈਣ ’ਤੇ ਵਾਧੂ ਟੀਮਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਹ ਟੀਮਾਂ ਪੀ. ਪੀ. ਈ. ਕਿੱਟਾਂ ਨਾਲ ਲੈਸ ਹਨ। ਸਾਰੀਆਂ ਟੀਮਾਂ ਸਵੈ-ਨਿਰਭਰ ਹਨ ਅਤੇ ਹੜ੍ਹ ਬਚਾਅ ਉਪਕਰਣਾਂ, ਢਹਿ-ਢੇਰੀ ਢਾਂਚਿਆਂ, ਖੋਜ ਅਤੇ ਬਚਾਅ ਉਪਕਰਣਾਂ ਸਮੇਤ ਸੰਚਾਰ ਪ੍ਰਣਾਲੀ ਨਾਲ ਲੈਸ ਹਨ। ਸੂਬਾ ਪ੍ਰਸ਼ਾਸਨ ਨਾਲ ਤਾਲਮੇਲ ਕਰ ਕੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੂੰ ਐਤਵਾਰ ਨੂੰ ਬਚਾਅ ਅਤੇ ਰਾਹਤ ਕਾਰਜਾਂ ’ਚ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ।
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿਚ ਚੇਨਈ ’ਚ ਮੋਹਲੇਧਾਰ ਮੀਂਹ ਪਿਆ। ਜਿਸ ਕਾਰਨ ਚੇਨਈ, ਤਿਰੁਵੱਲੂਰ ਅਤੇ ਕਾਂਚੀਪੁਰਮ ਜ਼ਿਲ੍ਹਿਆਂ ਵਿਚ ਸਕੂਲ ਅਤੇ ਕਾਲਜ ਸੋਮਵਾਰ ਅਤੇ ਮੰਗਲਵਾਰ ਨੂੰ ਬੰਦ ਕਰ ਦਿੱਤੇ ਗਏ ਹਨ। ਓਧਰ ਸੂਬਾ ਸਰਕਾਰ ਦੇ ਅਧਿਕਾਰੀਆਂ ਮੁਤਾਬਕ 260 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ।
ਲੋਕਾਂ ਦੇ ਰਹਿਣ ਲਈ ਲੱਗਭਗ 160 ਰਾਹਤ ਕੇਂਦਰ ਖੋਲ੍ਹੇ ਗਏ ਹਨ। ਅਧਿਕਾਰੀਆਂ ਮੁਤਾਬਕ ਲੋੜਵੰਦ ਲੋਕਾਂ ਲਈ ਫੂਡ ਪੈਕੇਟ ਵੰਡੇ ਜਾ ਰਹੇ ਹਨ।
RTI ’ਚ ਖ਼ੁਲਾਸਾ, ਭਾਰਤ ’ਚ 33 ਲੱਖ ਤੋਂ ਵੱਧ ਬੱਚੇ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ
NEXT STORY