ਨਵੀਂ ਦਿੱਲੀ— ਪਾਕਿਸਤਾਨ 'ਚ ਭਾਰਤ ਦੇ ਹਾਈ ਕਮਿਸ਼ਨਰ ਗੌਤਮ ਐੱਚ. ਬੰਬਾਵਲੇ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਆਜ਼ਾਦੀ ਦਿਵਸ ਮੌਕੇ ਪਾਕਿਸਤਾਨੀ ਨਾਗਰਿਕਾਂ ਲਈ ਮੈਡੀਕਲ ਵੀਜ਼ੇ ਦੀ ਦਿੱਤੀ ਰਾਹਤ ਨੂੰ ਦੋਹਾਂ ਦੇਸ਼ਾਂ ਲਈ ਸਕਾਰਾਤਮਕ ਸੰਕੇਤ ਦੱਸਿਆ ਹੈ। ਸ਼੍ਰੀ ਗੌਤਮ ਅਨੁਸਾਰ ਸੁਸ਼ਮਾ ਸਵਰਾਜ ਦੇ ਇਸ ਫੈਸਲੇ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਦੂਰੀਆਂ ਖਤਮ ਹੋਣਗੀਆਂ ਅਤੇ ਉਨ੍ਹਾਂ ਨੂੰ ਫਿਰ ਤੋਂ ਇਕ-ਦੂਜੇ ਨਾਲ ਮਿਲਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀਜ਼ੇ 'ਚ ਸਖਤੀ ਅਤੇ ਭਾਰਤ-ਪਾਕਿਸਤਾਨ ਸਰਹੱਦਾਂ 'ਤੇ ਫਾਇਰਿੰਗ ਕਾਰਨ ਦੋਹਾਂ ਦੇਸ਼ਾਂ 'ਚ ਤਣਾਅ ਵਧ ਗਿਆ ਹੈ, ਜਿਸ ਦਾ ਅਸਰ ਸਿਆਸੀ ਰਿਸ਼ਤਿਆਂ 'ਚ ਕੜਵਾਹਟ ਅਤੇ ਵਪਾਰਕ ਸਾਂਝਦਾਰੀ 'ਚ ਕਮੀ ਦੇ ਰੂਪ 'ਚ ਸਾਹਮਣੇ ਆਇਆ ਹੈ ਪਰ ਵਿਦੇਸ਼ ਮੰਤਰੀ ਵੱਲੋਂ ਮੈਡੀਕਲ ਵੀਜ਼ੇ 'ਚ ਰਾਹਤ ਦੇਣ ਨਾਲ ਜਿੱਥੇ ਦੋਹਾਂ ਦੇਸ਼ਾਂ ਦੇ ਨਾਗਰਿਕਾਂ 'ਚ ਆਪਸੀ ਤਾਲਮੇਲ ਵਧੇਗਾ, ਉੱਥੇ ਹੀ ਵਾਹਗਾ ਬਾਰਡਰ ਤੋਂ ਹੋਣ ਵਾਲੇ ਵਪਾਰ ਨੂੰ ਵੀ ਨਵੀਂ ਦਿਸ਼ਾ ਮਿਲੇਗੀ।
ਜ਼ਿਕਰਯੋਗ ਹੈ ਕਿ ਪਠਾਨਕੋਟ ਅਤੇ ਗੁਰਦਾਸਪੁਰ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਲੋਕਾਂ ਨੂੰ ਵੀਜ਼ੇ ਮਿਲਣੇ ਬੰਦ ਹੋ ਗਏ ਸਨ। ਹੁਣ 15 ਅਗਸਤ ਨੂੰ ਸੁਸ਼ਮਾ ਸਵਰਾਜ ਵੱਲੋਂ ਪਾਕਿਸਤਾਨੀ ਲੋਕਾਂ ਨੂੰ ਮੈਡੀਕਲ ਵੀਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਉੱਥੋਂ ਦੇ ਲੋਕ ਕਾਫੀ ਖੁਸ਼ ਹਨ ਅਤੇ ਇਸ ਫੈਸਲੇ ਦਾ ਸਵਾਗਤ ਵੀ ਕੀਤਾ ਹੈ। ਬੰਬਾਵਲੇ ਨੇ ਕਿਹਾ ਕਿ ਵਪਾਰ ਤਾਂ ਘੱਟ ਗਿਆ ਹੈ, ਜਦੋਂ ਸਿਆਸੀ ਪਰੇਸ਼ਾਨੀ ਹੁੰਦੀ ਹੈ ਤਾਂ ਅਰਥਵਿਵਸਥਾ 'ਤੇ ਵੀ ਉਸ ਦਾ ਅਸਰ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੋਹਾਂ ਦੇਸ਼ਾਂ ਦੇ ਵਪਾਰੀ ਜ਼ਿਆਦਾ ਵਪਾਰ ਕਰਨਾ ਚਾਅ ਰਹੇ ਹਨ ਅਤੇ ਜਦੋਂ ਦੋਵੇਂ ਦੇਸ਼ ਇਹ ਸਮਝਣਗੇ ਕਿ ਵਪਾਰ ਵਧਾਉਣਾ ਹੈ ਤਾਂ ਇਹ ਜਲਦੀ ਵਧ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦੋਹਾਂ ਦੇਸ਼ਾਂ ਦੇ ਲੋਕ ਆਪਸੀ ਸੰਪਰਕ ਵਧਾਉਣਗੇ ਤਾਂ ਇਹ ਆਪਸੀ ਤਣਾਅ ਘੱਟ ਹੋ ਸਕਦਾ ਹੈ।
ਘਰ ਦੀ ਸਫ਼ਾਈ ਦੌਰਾਨ ਮਿਲਿਆ ਸਿੱਕਾ, ਜੋ ਬਣਾ ਦੇਵੇਗਾ ਕਰੋੜਪਤੀ
NEXT STORY