ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਕੱਤਰ ਯਸ਼ਪਾਲ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 9 ਵਿਧਾਇਕਾਂ ਨੂੰ ਸ਼ਿਕਾਇਤ ਦੇ ਆਧਾਰ 'ਤੇ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਗਿਆ ਹੈ। ਰਾਜ 'ਚ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਵਿਚਾਲੇ ਸਿਆਸੀ ਟਕਰਾਅ ਜਾਰੀ ਹੈ ਅਤੇ ਨਜ਼ਦੀਕੀ ਭਵਿੱਖ 'ਚ ਇਸ ਦੇ ਸੁਲਝਣ ਦੇ ਕੋਈ ਸੰਕੇਤ ਨਹੀਂ ਦਿੱਸ ਰਹੇ ਹਨ। ਨਾਹਨ ਦੇ ਕਾਂਗਰਸ ਵਿਧਾਇਕ ਅਜੇ ਸੋਲੰਕੀ ਨੇ ਸਦਨ ਦੇ ਕੰਮਕਾਰ 'ਤੇ ਨਿਯਮ 79 ਦੇ ਅਧੀਨ ਸਪੀਕਰ ਕੁਲਦੀਪ ਸਿੰਘ ਪਠਾਨੀਆ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਹਾਲ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਅੰਦਰ ਅਤੇ ਪ੍ਰਧਾਨ ਦੇ ਚੈਂਬਰ 'ਚ ਹਿੰਸਾ ਅਤੇ ਅਨੁਸ਼ਾਸਨਹੀਣਤਾ 'ਚ ਸ਼ਾਮਲ ਹੋਣ ਲਈ ਭਾਜਪਾ ਦੇ 9 ਵਿਧਾਇਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਕੱਤਰ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ 9 ਭਾਜਪਾ ਵਿਧਾਇਕਾਂ- ਊਨਾ ਤੋਂ ਸਤਪਾਲ ਸੱਤੀ, ਨਾਚਨ ਤੋਂ ਵਿਨੋਦ ਕੁਮਾਰ, ਚੁਰਾਹ ਤੋਂ ਹੰਸਰਾਜ, ਬੰਜਾਰ ਤੋਂ ਸੁਰੇਸ਼ ਸ਼ੌਰੀ, ਸੁਲਹ ਤੋਂ ਵਿਪਿਨ ਪਰਮਾਰ, ਤ੍ਰਿਲੋਕ ਜਮਵਾਲ, ਬਿਲਾਸਪੁਰ, ਬਲਹ ਤੋਂ ਇੰਦਰ ਸਿੰਘ ਗਾਂਧੀ, ਆਨੀ ਤੋਂ ਲੋਕੇਂਦਰ ਕੁਮਾਰ ਅਤੇ ਕਰਸੋਗ ਤੋਂ ਦੀਪਰਾਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। 9 ਭਾਜਪਾ ਵਿਧਾਇਕਾਂ ਨੂੰ 18 ਮਾਰਚ ਤੱਕ ਲਿਖਤੀ ਰੂਪ 'ਚ ਜਾਂ ਆਪਣੀ ਵਿਅਕਤੀ ਮੌਜੂਦਗੀ ਦੇ ਮਾਧਿਅਮ ਨਾਲ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਗਿਆ ਸੀ।
ਸਿਆਸੀ ਆਬਜ਼ਰਵਰਾਂ ਨੇ ਕਿਹਾ ਕਿ ਜੇਕਰ 9 ਵਿਧਾਇਕਾਂ ਨੇ ਜਵਾਬ ਨਹੀਂ ਦਿੱਤਾ ਤਾਂ ਸਪੀਕਰ ਉਨ੍ਹਾਂ ਨੂੰ ਮੁਅੱਤਲ ਕਰ ਸਕਦੇ ਹਨ ਜਾਂ ਅਯੋਗ ਐਲਾਨ ਕਰ ਸਕਦੇ ਹਨ। ਸ਼੍ਰੀ ਸੋਲੰਕੀ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਇਨ੍ਹਾਂ ਭਾਜਪਾ ਵਿਧਾਇਕਾਂ ਨੇ ਸਦਨ ਦੇ ਅੰਦਰ ਅਤੇ ਸਪੀਕਰ ਦੇ ਚੈਂਬਰ 'ਚ ਵੀ ਹੰਗਾਮਾ ਕੀਤਾ ਸੀ, ਵਿਧਾਨ ਸਭਾ ਕਰਮਚਾਰੀਆਂ ਤੋਂ ਮਹੱਤਵਪੂਰਨ ਕਾਗਜ਼ਾਤ ਖੋਹੇ ਅਤੇ ਉਨ੍ਹਾਂ ਨੂੰ ਸਦਨ 'ਚ ਪਾੜ ਦਿੱਤਾ। ਜਦੋਂ ਅੰਦੋਲਨਕਾਰੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢਣ ਦਾ ਆਦੇਸ਼ ਜਾਰੀ ਕੀਤਾ ਗਿਆ ਤਾਂ ਉਨ੍ਹਾਂ ਨੇ ਮਾਰਸ਼ਲਾਂ ਨਾਲ ਧੱਕਾ-ਮੁੱਕੀ ਵੀ ਕੀਤੀ। ਕਾਂਗਰਸ ਵਿਧਾਇਕ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਵੀਡੀਓ ਕਲੀਪਿੰਗ ਵਿਧਾਨ ਸਭਾ ਰਿਕਾਰਡ 'ਚ ਵੀ ਉਪਲੱਬਧ ਹੈ ਅਤੇ ਵਿਧਾਇਕਾਂ ਦਾ ਰਵੱਈਆ ਮੁਆਫ਼ ਕਰਨ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਖ਼ਿਲਾਫ਼ ਸੰਵਿਧਾਨ ਦੀ ਧਾਰਾ 194 ਦੇ ਅਧੀਨ ਸਦਨ ਦੀ ਮਾਣਹਾਨੀ ਦੇ ਅਧੀਨ ਕਾਰਵਾਈ ਕੀਤੀ ਜਾਵੇ।
ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਕਾਰ, 3 ਦੀ ਮੌਤ
NEXT STORY