ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਆਦਿਵਾਸੀ ਇਲਾਕਿਆਂ ’ਚ ਸ਼ਨੀਵਾਰ ਨੂੰ ਲਗਾਤਾਰ 5ਵੇਂ ਦਿਨ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਈ, ਜਦਕਿ ਕੁਝ ਦਰਮਿਆਨੇ ਅਤੇ ਹੇਠਲੇ ਇਲਾਕਿਆਂ ’ਚ ਵਿਆਪਕ ਮੀਂਹ ਪਿਆ, ਜਿਸ ਨਾਲ ਤਾਪਮਾਨ ’ਚ ਕਾਫ਼ੀ ਗਿਰਾਵਟ ਆ ਗਈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਸ਼ਨੀਵਾਰ ਨੂੰ ਮੌਸਮ ਖ਼ੁਸ਼ਕ ਰਿਹਾ ਅਤੇ ਧੁੱਪ ਖਿੜੀ ਰਹੀ, ਜਿਸ ਨਾਲ ਲੋਕਾਂ ਨੂੰ ਖ਼ਰਾਬ ਮੌਸਮ ਤੋਂ ਰਾਹਤ ਮਿਲੀ। ਸ਼ੁੱਕਰਵਾਰ ਸ਼ਾਮ ਤੋਂ ਸਾਂਗਲਾ ’ਚ 20.5 ਸੈਂਟੀਮੀਟਰ, ਕਲਪਾ ’ਚ 18.2 ਸੈਂਟੀਮੀਟਰ, ਕੇਲਾਂਗ ’ਚ 10.0 ਸੈਂਟੀਮੀਟਰ, ਹੰਸਾ ’ਚ 7.5 ਸੈਂਟੀਮੀਟਰ, ਗੋਂਦਲਾ ’ਚ 4 ਸੈਂਟੀਮੀਟਰ ਅਤੇ ਕੁਕੁਮਸੇਰੀ ’ਚ 2.1 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ। ਕੰਡਾਘਾਟ ’ਚ ਸਭ ਤੋਂ ਵੱਧ 50 ਮਿਲੀਮੀਟਰ ਮੀਂਹ ਪਿਆ। ਇਸ ਤੋਂ ਬਾਅਦ ਜਟਨ ਬੈਰਾਜ, ਮਨਾਲੀ, ਸ਼ਿਮਲਾ, ਗੋਹਰ ਅਤੇ ਬਰਥਿਨ ’ਚ 40 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ।
ਸਥਾਨਕ ਮੌਸਮ ਵਿਭਾਗ ਨੇ ‘ਯੈਲੋ ਅਲਰਟ’ ਜਾਰੀ ਕੀਤਾ ਹੈ ਅਤੇ 23 ਮਾਰਚ ਨੂੰ ਕਾਂਗੜਾ, ਮੰਡੀ ਅਤੇ ਕੁੱਲੂ ਜ਼ਿਲਿਆਂ ’ਚ ਕੁਝ ਸਥਾਨਾਂ ’ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਘੱਟੋ-ਘੱਟ ਤਾਪਮਾਨ ’ਚ ਕੁਝ ਡਿਗਰੀ ਦੀ ਗਿਰਾਵਟ ਆਈ ਅਤੇ ਕੁਕੁਮਸੇਰੀ ’ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 4.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਸਭ ਤੋਂ ਠੰਡਾ ਸਥਾਨ ਰਿਹਾ।
ਧਾਰਮਿਕ ਸਥਾਨ ਸ਼ਿਕਾਰੀ ਦੇਵੀ ’ਚ 3 ਅਤੇ ਕਮਰੂਨਾਗ ’ਚ 2 ਫੁੱਟ ਤੱਕ ਬਰਫ਼
ਮਾਤਾ ਸ਼ਿਕਾਰੀ ਦੇਵੀ, ਦੇਵ ਕਮਰੂਨਾਗ, ਦੇਵ ਤੁੰਗਾਸ਼ੀ ਗੜ੍ਹ, ਸ਼ੈਟਾਧਾਰ ਅਤੇ ਦੇਵ ਕਾਂਡਾ ਸਮੇਤ ਸਾਰੇ ਪ੍ਰਮੁੱਖ ਆਸਥਾ ਅਸਥਾਨ ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਗਏ ਹਨ। ਸ਼ਿਕਾਰੀ ਦੇਵੀ ’ਚ ਸਭ ਤੋਂ ਵੱਧ 3 ਫੁੱਟ, ਕਮਰੂਨਾਗ ’ਚ 2, ਜਦਕਿ ਤੁੰਗਾਸ਼ੀ ਗੜ੍ਹ, ਸ਼ੈਟਾਧਾਰ ਅਤੇ ਦੇਵ ਕਾਂਡਾ ਵਰਗੇ ਹੋਰ ਧਾਰਮਿਕ ਅਸਥਾਨਾਂ ਦੀਆਂ ਪਹਾੜੀਆਂ ’ਤੇ ਡੇਢ ਤੋਂ 2 ਫੁੱਟ ਤੱਕ ਬਰਫ਼ ਪਈ ਹੈ। ਪ੍ਰਸ਼ਾਸਨ ਨੇ ਭਾਰੀ ਬਰਫ਼ਬਾਰੀ ਅਤੇ ਸੜਕਾਂ ’ਤੇ ਜੰਮੀ ਬਰਫ਼ ਕਾਰਨ ਇਨ੍ਹਾਂ ਧਾਰਮਿਕ ਅਸਥਾਨਾਂ ’ਤੇ ਆਵਾਜਾਈ ’ਤੇ ਆਰਜ਼ੀ ਰੋਕ ਲਾ ਦਿੱਤੀ ਹੈ। ਫਿਲਹਾਲ ਇਲਾਕੇ ’ਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਰਾਤਿਆਂ 'ਚ ਉਮੜਿਆ ਸ਼ਰਧਾ ਦਾ ਸੈਲਾਬ ! 1 ਲੱਖ ਦੇ ਕਰੀਬ ਭਗਤਾਂ ਨੇ ਟੇਕਿਆ ਮੱਥਾ, ਯਾਤਰਾ ਮੁੜ ਸ਼ੁਰੂ
NEXT STORY