ਜੰਮੂ/ਪੁੰਛ/ਸ਼ਿਮਲਾ/(ਉਦੈ, ਧਨੁਜ, ਪੁਨੀਤ)– ਉੱਤਰ ਭਾਰਤ ਦੇ ਪਹਾੜੀ ਸੂਬਿਆਂ ’ਚ ਭਾਰੀ ਬਰਫਬਾਰੀ ਸ਼ੁਰੂ ਹੋ ਗਈ ਹੈ। ਜੰਮੂ-ਕਸ਼ਮੀਰ ਦੇ ਪ੍ਰਸਿੱਧ ਟੂਰਿਸਟ ਪਲੇਸ ਗੁਲਮਰਗ, ਦੂਧਪੱਥਰੀ, ਸ਼ੋਪੀਆਂ, ਬਾਂਦੀਪੋਰਾ ਸਮੇਤ ਉੱਚੇ ਪਰਬਤੀ ਇਲਾਕਿਆਂ ’ਚ ਤਾਜ਼ਾ ਬਰਫਬਾਰੀ ਨਾਲ ਬਰਫ ਦੀ ਸਫੈਦ ਚਾਦਰ ਵਿਛ ਗਈ।
ਬਰਫਬਾਰੀ ਅਤੇ ਮੀਂਹ ਕਾਰਨ ਕਈ ਥਾਵਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਤਾਜ਼ਾ ਬਰਫਬਾਰੀ ਨਾਲ ਕਸ਼ਮੀਰ ਵਿਚ ਔਸਤ ਤਾਪਮਾਨ ਨਾਲੋਂ 5 ਡਿਗਰੀ ਘੱਟ ਤਾਪਮਾਨ ਦਰਜ ਕੀਤਾ ਗਿਆ। ਸ਼੍ਰੀਨਗਰ ਵਿਚ ਦਿਨ ਦਾ ਤਾਪਮਾਨ 7.5 ਡਿਗਰੀ ਅਤੇ ਰਾਤ ਦਾ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤਰ੍ਹਾਂ ਜੰਮੂ ਦੇ ਸਾਂਬਾ ਵਿਚ ਦਿਨ ਦਾ ਤਾਪਮਾਨ 18.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੁੰਛ ਜ਼ਿਲੇ ਦੀ ਮੰਡੀ ਤਹਿਸੀਲ ਦੇ ਉਚਾਈ ਵਾਲੇ ਖੇਤਰਾਂ ਵਿਚ ਤਾਜ਼ਾ ਬਰਫਬਾਰੀ ਹੋਣ ਨਾਲ ਪੁੰਛ-ਰਾਜੌਰੀ ਜ਼ਿਲੇ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਵਾਲੀ ਇਤਿਹਾਸਿਕ ਮੁਗਲ ਰੋਡ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਪੂਰਾ ਇਲਾਕਾ ਠੰਡ ਦੀ ਲਪੇਟ ’ਚ ਆ ਗਿਆ ਹੈ।
ਹਿਮਾਚਲ ਪ੍ਰਦੇਸ਼ ਦੇ ਨਾਰਕੰਡਾ ਸਮੇਤ ਕੁੱਲੂ-ਲਾਹੌਲ ਦੀਆਂ ਚੋਟੀਆਂ ’ਤੇ ਭਾਰੀ ਬਰਫਬਾਰੀ ਹੋਈ ਜਦ ਕਿ ਸ਼ਿਮਲਾ ਦੇ ਕੁਫਰੀ ’ਚ ਹਲਕੀ-ਹਲਕੀ ਬਰਫਬਾਰੀ ਹੋਈ। ਸੋਲਨ, ਸਿਰਮੌਰ, ਮੰਡੀ ਅਤੇ ਕਾਂਗੜਾ ਜ਼ਿਲੇ ਦੇ ਕਈ ਖੇਤਰਾਂ ਵਿਚ ਕਾਫੀ ਮੀਂਹ ਪਿਆ। ਉੱਥੇ ਹੀ ਰਾਜਧਾਨੀ ਸ਼ਿਮਲਾ ’ਚ ਦੁਪਹਿਰ ਬਾਅਦ ਹਲਕੀ ਬੂੰਦਾਬਾਂਦੀ ਹੋਈ। ਅਟਲ ਟਨਲ ਰੋਹਤਾਂਗ ਸਮੇਤ ਚੋਟੀਆਂ ’ਤੇ ਬੁੱਧਵਾਰ ਦੇਰ ਰਾਤ ਤੋਂ ਬਾਅਦ ਸ਼ੁਰੂ ਹੋਇਆ ਬਰਫਬਾਰੀ ਦਾ ਦੌਰ ਵੀਰਵਾਰ ਨੂੰ ਵੀ ਜਾਰੀ ਰਿਹਾ। ਬਰਫੀਲੇ ਬੱਦਲਾਂ ਦਰਮਿਆਨ ਸੈਲਾਨੀ ਕੋਕਸਰ ਪੁੱਜੇ ਅਤੇ ਖੂਬ ਮਸਤੀ ਕੀਤੀ।
ਪਹਾੜਾਂ ’ਚ ਲਗਾਤਾਰ ਹੋ ਰਹੀ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ ’ਚ ਠੰਡ ਦਾ ਅਹਿਸਾਸ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਵੀਰਵਾਰ ਨੂੰ ਪਏ ਮੀਂਹ ਤੋਂ ਬਾਅਦ ਸੂਰਜ ਅਤੇ ਬੱਦਲਾਂ ਦੀ ਲੁਕਣ-ਮੀਟੀ ਦਿਨ ਭਰ ਚਲਦੀ ਰਹੀ। ਇਸ ਕਾਰਨ ਜ਼ਿਆਦਾਤਰ ਤਾਪਮਾਨ ਵਿਚ 5 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ ਅਗਲੇ 2 ਦਿਨ ਸੰਘਣੇ ਕੋਹਰੇ ਦੀ ਚਿਤਾਵਨੀ ਦਿੱਤੀ ਗਈ ਹੈ। ਉੱਥੇ ਹੀ ਪੰਜਾਬ ਦੇ ਕਈ ਜ਼ਿਲਿਆਂ ਵਿਚ ਮੀਂਹ ਪੈਣ ਦਾ ਆਸਾਰ ਬਣੇ ਹੋਏ ਹਨ। ਇਸ ਕਾਰਨ ਸਾਵਧਾਨੀ ਅਪਣਾਉਣ ਅਤੇ ਹਾਈਵੇਅ ’ਤੇ ਸੰਭਲ ਕੇ ਚੱਲਣ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਸਵੇਰ ਅਤੇ ਰਾਤ ਨੂੰ ਕੋਹਰੇ ਦਾ ਅਸਰ ਵਧੇਰੇ ਰਹੇਗਾ।
ਸਮੇਂ ਸਿਰ ਨਿਪਟਾਓ ਜ਼ਰੂਰੀ ਕੰਮ, ਦਸੰਬਰ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੂਰੀ ਸੂਚੀ
NEXT STORY