ਮਨਾਲੀ- ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ’ਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਬਰਫਬਾਰੀ ਹੋਈ ਹੈ। ਰੋਹਤਾਂਗ ਦੱਰੇ ਦੇ ਨਾਲ-ਨਾਲ ਬਾਰਾਲਾਚਾ, ਕੁੰਜਮ ਜੋਤ ਅਤੇ ਸ਼ਕੁਲਾ ਦੱਰੇ ’ਤੇ ਵੀ ਬਰਫ ਦੀ ਮੋਟੀ ਚਾਦਰ ਵਿਛ ਗਈ ਹੈ। ਬਾਰਾਲਾਚਾ ਦੱਰੇ ’ਤੇ ਐਤਵਾਰ ਰਾਤ ਤੱਕ ਤਿੰਨ ਫੁੱਟ ਤੋਂ ਵੱਧ ਬਰਫ ਪੈ ਚੁੱਕੀ ਸੀ। ਸੈਲਾਨੀਆਂ ਦੀ ਪਹਿਲੀ ਪਸੰਦ ਰਹਿਣ ਵਾਲੇ ਰੋਹਤਾਂਗ ਦੱਰੇ ’ਤੇ 2.5 ਫੁੱਟ ਬਰਫ ਪਈ। ਮਨਾਲੀ-ਲੇਹ ਸੜਕ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਹੈ। ਜੋਜ਼ੀਲਾ ਦੱਰਾ ਵੀ ਆਵਾਜਾਈ ਲਈ ਬੰਦ ਪਿਆ ਹੈ। ਬੀ. ਆਰ. ਓ. ਮੁਤਾਬਕ ਕਸ਼ਮੀਰ ਦੇ ਰਸਤੇ ਲੇਹ ਜਾ ਰਹੇ ਲਗਭਗ 150 ਟਰੱਕ ਰਾਹ ਵਿਚ ਫਸੇ ਹੋਏ ਹਨ। ਇਨ੍ਹਾਂ ਸਭ ਟਰੱਕ ਡਰਾਈਵਰਾਂ ਨੂੰ ਅਜੇ ਘਟੋ-ਘੱਟ ਇਕ ਹਫਤਾ ਹੋਰ ਉਡੀਕ ਕਰਨੀ ਹੋਵੇਗੀ।
ਚੰਦਰਾ ਘਾਟੀ ਦੇ ਗੋਂਦਲਾ ਪਿੰਡ ਦੇ ਸਾਹਮਣੇ ਵਾਲੀ ਪਹਾੜੀ ਤੋਂ ਐਤਵਾਰ ਬਰਫ ਦੇ ਤੋਦੇ ਡਿੱਗੇ। ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ। ਇਸ ਕਾਰਨ ਚੰਦਰਾ ਦਰਿਆ ਦੇ ਪਾਣੀ ਦਾ ਵਹਾਅ ਕੁਝ ਸਮੇਂ ਲਈ ਰੁਕ ਗਿਆ। ਬਰਫਬਾਰੀ ਪਿੱਛੋਂ ਲਾਹੌਲ ਵਿਖੇ ਬਰਫ ਦੇ ਤੋਦੇ ਡਿੱਗਣ ਦਾ ਡਰ ਵੱਧ ਗਿਆ ਹੈ। ਕੇਲਾਂਗ ਅਤੇ ਸਿਸੂ ’ਚ 3 ਇੰਚ ਤੋਂ ਵੱਧ ਬਰਫ ਪਈ ਹੈ। ਦਾਰਚਾ ਵਿਚ ਵੀ 2 ਇੰਚ ਤੱਕ ਬਰਫਬਾਰੀ ਹੋਈ ਹੈ। ਇਲਾਕੇ ’ਚ ਤਾਜ਼ਾ ਬਰਫਬਾਰੀ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਲਾਹੌਲ ਦੇ ਸਭ ਪਹਾੜ ਬਰਫ ਨਾਲ ਢੱਕੇ ਗਏ ਹਨ।
ਤਾਜ਼ਾ ਬਰਫਬਾਰੀ ਕਾਰਨ ਅਟਲ ਟਨਲ ਦੇ ਉੱਤਰੀ ਪੋਰਟਲ ਵਿਖੇ ਫਿਸਲਣ ਨੂੰ ਧਿਆਨ ’ਚ ਰੱਖਦਿਆਂ ਮੋਟਰ ਗੱਡੀਆਂ ਦੀ ਆਵਾਜਾਈ ਫਿਲਹਾਲ ਰੋਕ ਦਿੱਤੀ ਗਈ ਹੈ। ਇੱਥੇ 3 ਇੰਚ ਤੱਕ ਬਰਫਬਾਰੀ ਹੋਈ ਹੈ। ਮਨਾਲੀ ਦੇ ਐੱਸ. ਡੀ. ਐੱਮ. ਰਮਨ ਨੇ ਸੈਲਾਨੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਚਾਈ ਵਾਲੇ ਇਲਾਕਿਆਂ ’ਚ ਨਾ ਆਉਣ।
ਬੀ.ਜੇ.ਪੀ. ਉਮੀਦਵਾਰ ਗੋਪਾਲ ਚੰਦਰ ਸਾਹਾ 'ਤੇ ਫਾਇਰਿੰਗ, ਹਸਪਤਾਲ ਵਿਚ ਦਾਖਲ
NEXT STORY