ਨੈਸ਼ਨਲ ਡੈਸਕ : ਕਰਨਾਟਕ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਮੈਸੂਰ ਪੈਲੇਸ ਨੇੜੇ ਵੀਰਵਾਰ ਰਾਤ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਗੁਬਾਰਿਆਂ ਵਿੱਚ ਗੈਸ ਭਰਨ ਵਾਲਾ ਹੀਲੀਅਮ ਸਿਲੰਡਰ ਫਟਣ ਕਾਰਨ ਇੱਕ ਵੈਂਡਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਧਮਾਕੇ ਦੀ ਲਪੇਟ ਵਿੱਚ ਆਉਣ ਨਾਲ 4 ਤੋਂ 5 ਹੋਰ ਲੋਕ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਪੈਲੇਸ ਘੁੰਮਣ ਆਏ ਸੈਲਾਨੀ ਦੱਸੇ ਜਾ ਰਹੇ ਹਨ।
ਇਹ ਘਟਨਾ ਰਾਤ ਕਰੀਬ 8:30 ਵਜੇ ਮੈਸੂਰ ਪੈਲੇਸ ਦੇ ਜੈਮਾਰਤੰਡਾ ਗੇਟ ਦੇ ਕੋਲ ਵਾਪਰੀ। ਜਦੋਂ ਗੁਬਾਰੇ ਵਾਲਾ ਗੁਬਾਰਿਆਂ ਵਿੱਚ ਹੀਲੀਅਮ ਗੈਸ ਭਰ ਰਿਹਾ ਸੀ, ਤਾਂ ਅਚਾਨਕ ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਪੁਲਸ ਨੇ ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਦੇ ਰਹਿਣ ਵਾਲੇ 40 ਸਾਲਾ ਸਲੀਮ ਵਜੋਂ ਕੀਤੀ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਖੜ੍ਹੇ ਲੋਕਾਂ ਵਿੱਚ ਭਾਜੜ ਪੈ ਗਈ। ਜ਼ਖ਼ਮੀਆਂ ਵਿੱਚ ਬੇਂਗਲੁਰੂ ਦੀ ਲਕਸ਼ਮੀ, ਨੰਜਨਗੁੜ ਦੀ ਮੰਜੁਲਾ, ਰਾਨੀਬੇਨੂਰ ਦੇ ਕੋਟੇਸ਼ ਗੁੱਟੇ ਅਤੇ ਕੋਲਕਾਤਾ ਦੀ ਸ਼ਾਲੀਨਾ ਸ਼ਬੀਰ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਤੋਂ ਬਾਅਦ ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸ਼ੁਰੂਆਤੀ ਰਿਪੋਰਟ ਮਿਲ ਗਈ ਹੈ ਅਤੇ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਵੈਂਡਰ ਨੂੰ ਇਹ ਸਿਲੰਡਰ ਕਿੱਥੋਂ ਮਿਲਿਆ ਸੀ ਅਤੇ ਕੀ ਉੱਥੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੋਈ ਸੀ। ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ।
ਹੁਣ ਨਾ ਬਿਜਲੀ ਚੋਰੀ, ਨਾ ਸ਼ਾਰਟ ਸਰਕਟ; ਪਟਨਾ ਨੂੰ ਮਿਲੇਗੀ ਲਟਕਦੀਆਂ ਤਾਰਾਂ ਤੋਂ ਮੁਕਤੀ, ਜਾਣੋ ਮਾਮਲਾ
NEXT STORY