ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ 23 ਸਾਲਾ ਔਰਤ ਨੂੰ ਲਗਾਤਾਰ ਤਿੰਨ ਵਾਰ 'ਤਲਾਕ' ਬੋਲ ਕੇ ਉਸ ਨਾਲ ਤੁਰੰਤ ਵਿਵਾਹਿਕ ਰਿਸ਼ਤਾ ਖ਼ਤਮ ਕਰਨ ਦੇ ਦੋਸ਼ 'ਚ ਉਸ ਦੇ ਸ਼ੌਹਰ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਖਜ਼ਰਾਨਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਐੱਫ.ਆਈ.ਆਰ. ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਕਿ ਉਸ ਦੇ ਸ਼ੌਹਰ ਅਲਤਾਫ਼ ਪਟੇਲ ਨੇ ਦੋਹਾਂ ਦਰਮਿਆਨ ਵਿਵਾਹਿਕ ਰਿਸ਼ਤੇ ਤੁਰੰਤ ਖ਼ਤਮ ਕਰਨ ਦੀ ਨੀਅਤ ਨਾਲ ਉਸ ਨੂੰ ਐਤਵਾਰ ਨੂੰ 'ਤਲਾਕ, ਤਲਾਕ, ਤਲਾਕ' ਬੋਲਿਆ।
ਪੁਲਸ ਅਧਿਕਾਰੀ ਨੇ ਦੋਸ਼ਾਂ ਦੇ ਹਵਾਲੇ ਤੋਂ ਦੱਸਿਆ ਕਿ ਔਰਤ ਵਲੋਂ ਧੀ ਨੂੰ ਜਨਮ ਦਿੱਤੇ ਜਾਣ ਕਾਰਨ ਉਸ ਦਾ ਸ਼ੌਹਰ ਉਸ 'ਤੇ ਨਾ ਸਿਰਫ਼ ਵਾਰ-ਵਾਰ ਤੰਜ਼ ਕੱਸਦਾ ਸੀ, ਸਗੋਂ ਉਸ ਨੂੰ ਗਾਲ੍ਹਾਂ ਕੱਢਦਾ ਸੀ ਅਤੇ ਕੁੱਟਦਾ ਵੀ ਸੀ। ਉਨ੍ਹਾਂ ਦੱਸਿਆ ਕਿ ਪਟੇਲ ਖ਼ਿਲਾਫ਼ ਮੁਸਲਿਮ ਔਰਤ (ਵਿਆਹ ਅਧਿਕਾਰ ਸੁਰੱਖਿਆ) ਐਕਟ 2019 ਅਤੇ ਆਈ.ਪੀ.ਸੀ. ਦੇ ਸੰਬੰਧਤ ਪ੍ਰਬੰਧਾਂ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਪੂਰੀ ਜਾਂਚ ਜਾਰੀ ਹੈ ਅਤੇ ਦੋਸ਼ੀ ਖ਼ਿਲਾਫ਼ ਕਾਨੂੰਨੀ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਮੁਸਲਿਮ ਔਰਤ (ਵਿਆਹ ਅਧਿਕਾਰ ਸੁਰੱਖਿਆ) ਐਕਟ, 2019 ਇਕੱਠੇ ਤਿੰਨ ਵਾਰ ਤਲਾਕ ਬੋਲ ਕੇ ਵਿਵਾਹਿਕ ਸੰਬੰਧ ਖ਼ਤਮ ਕਰਨ ਦੀ ਪ੍ਰਥਾ 'ਤੇ ਰੋਕ ਲਗਾਉਂਦਾ ਹੈ। ਇਸ ਕਾਨੂੰਨ 'ਚ ਦੋਸ਼ੀ ਲਈ ਤਿੰਨ ਸਾਲ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ।
‘ਆਪ’ ਆਗੂ ਸੰਜੇ ਸਿੰਘ ਦੇ ਵਿਗੜੇ ਬੋਲ, ਕਿਹਾ- PM ਮੋਦੀ ਕਾਰਨ ਭਾਰਤ ਨੂੰ ਦੁਨੀਆ ’ਚ ਸ਼ਰਮਿੰਦਾ ਹੋਣਾ ਪਿਆ
NEXT STORY