ਜੰਮੂ— ਕੋਰੋਨਾ ਵਾਇਰਸ ਭਾਰਤ 'ਚ ਵੱਡੀ ਆਫ਼ਤ ਬਣਦੀ ਜਾ ਰਹੀ ਹੈ। ਕੋਰੋਨਾ ਨੇ ਵੱਧਦੇ ਕੇਸਾਂ ਕਾਰਨ ਹਾਲਾਤ ਇਹ ਬਣ ਗਏ ਹਨ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਅਜਿਹੇ ਵਿਚ ਇਸ ਮਹਾਮਾਰੀ 'ਤੇ ਨੱਥ ਪਾਉਣ ਲਈ ਭਾਰਤ ਸਮੇਤ ਦੁਨੀਆ ਦੇ ਤਮਾਮ ਦੇਸ਼ ਵੈਕਸੀਨ ਬਣਾਉਣ 'ਚ ਜੁੱਟੇ ਹੋਏ ਹਨ। ਜਦੋਂ ਤੱਕ ਵੈਕਸੀਨ ਨਹੀਂ ਬਣ ਜਾਂਦੀ, ਉਦੋਂ ਤੱਕ ਇਸ ਮਹਾਮਾਰੀ ਤੋਂ ਜਿਨ੍ਹਾਂ ਬਚਾਅ ਹੋ ਸਕੇ, ਚੰਗੀ ਗੱਲ ਹੈ। ਇਸੇ ਕੜੀ ਤਹਿਤ ਕੋਰੋਨਾ ਵਾਇਰਸ ਦੀ ਜਾਂਚ ਲਈ ਜੰਮੂ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਇੰਟੀਗ੍ਰੇਟੇਡ ਮੈਡੀਸੀਨ (ਆਈ. ਆਈ. ਆਈ. ਐੱਮ.) ਨੇ ਵੱਡੀ ਗਿਣਤੀ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਸ਼ੱਕੀਆਂ ਦੀ ਤੁਰੰਤ ਜਾਂਚ ਲਈ ਇਕ ਨਵੀਂ ਅਤੇ ਘੱਟ ਲਾਗਤ ਵਾਲੀ ਜਾਂਚ ਕਿੱਟ ਤਿਆਰ ਕੀਤੀ ਹੈ।
ਆਈ. ਆਈ. ਆਈ. ਐੱਮ. ਨੇ ਇਸ ਦੇ ਮੁਲਾਂਕਣ ਅਤੇ ਮਨਜ਼ੂਰੀ ਲਈ ਇਸ ਨੂੰ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) 'ਚ ਭੇਜਿਆ ਹੈ। ਆਈ. ਆਈ. ਆਈ. ਐੱਮ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੱਡੀ ਆਬਾਦੀ ਦਾ ਟੈਸਟ ਹੋਣਾ ਜ਼ਰੂਰੀ ਹੈ। ਉਨ੍ਹਾਂ ਦੀ ਸੰਸਥਾ ਨੇ ਜੋ ਕਿੱਟ ਤਿਆਰ ਕੀਤੀ ਹੈ, ਉਸ 'ਚ ਘੱਟ ਸਮੇਂ ਵਿਚ ਕਈ ਟੈਸਟ ਹੋ ਸਕਣਗੇ। ਇਸ ਨਾਲ ਲੰਬੇ ਸਮੇਂ ਤੱਕ ਕੋਰੋਨਾ ਨਾਲ ਨਜਿੱਠਣ ਅਤੇ ਵੈਕਸੀਨ ਆਉਣ ਤੱਕ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਦਾ ਮੌਕਾ ਮਿਲੇਗਾ। ਇਹ ਕਿੱਟ ਕਾਫੀ ਲਾਭਦਾਇਕ ਸਾਬਤ ਹੋ ਸਕਦੀ ਹੈ।
ਆਈ. ਆਈ. ਆਈ. ਐੱਮ. ਦੇ ਡਾਇਰੈਕਟਰ ਡਾ. ਡੀ. ਸ਼੍ਰੀਨਿਵਾਸਨ ਰੈੱਡੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਸਮੇਂ ਜਾਂਚ ਲਈ ਆਰ.ਟੀ-ਪੀ. ਸੀ. ਆਰ (ਰਿਵਰਸ ਟਰਾਂਸਕ੍ਰਿਪਸ਼ਨ ਪੌਲੀਮੀਰੇਜ ਚੇਨ ਰਿਐਕਸ਼ਨ) ਕਿੱਟ ਦਾ ਇਸਤੇਮਾਲ ਹੋ ਰਿਹਾ ਹੈ। ਸੰਸਥਾ ਨੇ ਇਸ ਦਾ ਬਦਲ ਤਿਆਰ ਕੀਤਾ ਹੈ। ਇਹ ਕਿੱਟ ਆਈ. ਆਈ. ਆਈ. ਐੱਮ. ਅਤੇ ਰਿਲਾਇੰਸ ਇੰਡਸਟਰੀਜ਼ ਨੇ ਮਿਲ ਕੇ ਤਿਆਰ ਕੀਤੀ ਹੈ। ਰੈੱਡੀ ਨੇ ਅੱਗੇ ਦੱਸਿਆ ਕਿ ਇਸ ਕਿੱਟ 'ਚ ਜਾਂਚ ਲਈ ਆਰ.ਟੀ-ਪੀ. ਸੀ. ਆਰ ਵਾਂਗ ਮਹਿੰਗੀਆਂ ਮਸ਼ੀਨਾਂ ਦੀ ਲੋੜ ਨਹੀਂ ਪਵੇਗੀ। ਨਵੀਂ ਬਣਾਈ ਗਈ ਕਿੱਟ ਆਰ. ਟੀ- ਐੱਲ. ਏ. ਐੱਮ. ਪੀ. 'ਚ ਮਹਿੰਗੇ ਉਪਕਰਣ ਵਰਗੇ ਪੀ. ਸੀ. ਆਰ. ਮਸ਼ੀਨ ਆਦਿ ਦੀ ਲੋੜ ਨਹੀਂ ਹੈ। ਇਸ ਦੇ ਨਾਲ ਟੈਸਟ ਵਿਚ ਵੀ ਤੇਜ਼ੀ ਆਵੇਗੀ। ਅਸੀਂ ਆਈ. ਸੀ. ਐੱਮ. ਆਰ. ਦੀ ਮਨਜ਼ੂਰੀ ਦੀ ਉਡੀਕ ਕਰ ਰਹੇ ਹਾਂ। ਇਸ ਨਵੀਂ ਕਿੱਟ ਦੀ ਕੀਮਤ ਤੈਅ ਕੀਤੀ ਜਾਣੀ ਅਜੇ ਬਾਕੀ ਹੈ ਪਰ ਇਹ ਮੌਜੂਦਾ ਆਰ. ਟੀ-ਪੀ. ਸੀ. ਆਰ. ਮਸ਼ੀਨਾਂ ਦੀ ਲਾਗਤ ਤੋਂ ਕਾਫੀ ਘੱਟ ਹੋਵੇਗਾ।
ਹਰਿਆਣਾ : ਨਹਿਰ 'ਚ 20 ਸਾਲਾ ਕੁੜੀ ਦੀ ਮਿਲੀ ਲਾਸ਼, ਕਤਲ ਦਾ ਖ਼ਦਸ਼ਾ
NEXT STORY