ਲੰਡਨ (ਏ.ਐੱਨ.ਆਈ.)- ਬਾਘ ਸਰਪ੍ਰਸਤੀ ਦੇ 5 ਦਹਾਕੇ ਪੂਰੇ ਹੋਣ ’ਤੇ ਭਾਰਤ ਨੇ ‘ਪ੍ਰਾਜੈਕਟ ਟਾਈਗਰ’ ਦੀ 50ਵੀਂ ਵਰ੍ਹੇਗੰਢ ਮਨਾਈ। ਲਗਭਗ 3 ਹਜ਼ਾਰ ਬਾਘਾਂ ਦੀ ਮੌਜੂਦਾ ਆਬਾਦੀ ਨਾਲ ਭਾਰਤ ਵੈਸ਼ਵਿਕ ਬਾਘਾਂ ਦੀ ਆਬਾਦੀ ਦੇ 70 ਫੀਸਦੀ ਤੋਂ ਵੱਧ ਦਾ ਘਰ ਹੈ ਅਤੇ ਸਰਕਾਰੀ ਅੰਕੜਿਆਂ ਮੁਤਾਬਕ ਉਨ੍ਹਾਂ ਦੀ ਗਿਣਤੀ ਹਰ ਸਾਲ 6 ਫੀਸਦੀ ਵਧ ਰਹੀ ਹੈ। ਭਾਰਤ ਸਰਕਾਰ ਅਧਿਕਾਰਤ ਤੌਰ ’ਤੇ 9 ਅਪ੍ਰੈਲ ਨੂੰ ਕਰਨਾਟਕ ਦੇ ਮੈਸੂਰ ’ਚ 3 ਦਿਨਾ ਪ੍ਰੋਗਰਾਮ ਨਾਲ ਪ੍ਰਾਜੈਕਟ ਦੀ ਵਰ੍ਹੇਗੰਢ ਨੂੰ ਦਰਸਾਏਗੀ।
ਇਕ ਰਿਪੋਰਟ ਮੁਤਾਬਕ ਭਾਰਤ ਨੇ ਪਹਿਲੀ ਵਾਰ 1 ਅਪ੍ਰੈਲ 1973 ਨੂੰ ਤੱਤਕਾਲੀਨ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੀ ਸਰਕਾਰ ਵੇਲੇ ਬਾਘ ਸਰਪ੍ਰਸਤੀ ਨੂੰ ਉਤਸ਼ਾਹ ਦੇਣ ਲਈ ‘ਪ੍ਰਾਜੈਕਟ ਟਾਈਗਰ’ ਲਾਂਚ ਕੀਤਾ ਸੀ। ਇਹ ਸ਼ੁਰੂਆਤ ’ਚ 18,278 ਵਰਗ ਕਿਲੋਮੀਟਰ ’ਚ ਫੈਲੀਆਂ 9 ਬਾਘ ਰੱਖਾਂ ’ਚ ਹੋਈ ਸੀ ਪਰ ਹੁਣ ਭਾਰਤ ’ਚ 75 ਹਜ਼ਾਰ ਵਰਗ ਕਿਲੋਮੀਟਰ (ਦੇਸ਼ ਦੇ ਭੁਗੋਲਿਕ ਖੇਤਰ ਦਾ ਲਗਭਗ 2.4 ਫੀਸਦੀ) ਤੋਂ ਵੱਧ ’ਤੇ 53 ਰੱਖਾਂ ਇਸ ਵਿਚ ਹਿੱਸਾ ਬਣੀਆਂ ਹੋਈਆਂ ਹਨ।
ਹੁਣੇ ਜਿਹੇ ਚੌਗਿਰਦਾ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਸੀ ਕਿ ‘ਪ੍ਰਾਜੈਕਟ ਟਾਈਗਰ’ ਬਾਘਾਂ ਨੂੰ ਅਲੋਪ ਹੋਣ ਦੇ ਕੰਢੇ ਤੋਂ ਵਾਪਸ ਲਿਆਉਣ ’ਚ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੀ ਸਫਲਤਾ ਨੂੰ ਸਿਰਫ ਗਿਣਤੀ ਦੇ ਆਧਾਰ ’ਤੇ ਨਹੀਂ ਵੇਖਿਆ ਜਾਣਾ ਚਾਹੀਦਾ। ਅਸੀਂ ਰੱਖਾਂ ਦੇ ਵਿਗਿਆਨਕ ਪ੍ਰਬੰਧਨ ’ਚ ਵਿਸ਼ਵਾਸ ਕਰਦੇ ਹਾਂ ਅਤੇ ਸਾਡਾ ਟੀਚਾ ਰਿਹਾਇਸ਼ ਦੀ ਸਮਰੱਥਾ ਅਨੁਸਾਰ ਬਾਘਾਂ ਦੀ ਗਿਣਤੀ ਨੂੰ ਵਧਾਉਣਾ ਹੈ।
ਕਾਂਗਰਸੀ ਨੇਤਾ ਮੱਲਿਕਾਰਜੁਨ ਖੜਗੇ ਨੇ ਸ਼ਨੀਵਾਰ ਨੂੰ ਟਵੀਟ ਕੀਤਾ-‘50 ਸਾਲ ਪਹਿਲਾਂ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਬਾਘਾਂ ਦੀਆਂ ਰਿਹਾਇਸ਼ਾਂ ਦੀ ਸਰਪ੍ਰਸਤੀ ਲਈ ‘ਪ੍ਰਾਜੈਕਟ ਟਾਈਗਰ’ ਲਾਂਚ ਕੀਤਾ ਗਿਆ ਸੀ। ਇਸ ਇਤਿਹਾਸਕ ਪਹਿਲ ਨੇ ਆਰਥਿਕ, ਵਿਗਿਆਨਕ, ਸੱਭਿਆਚਾਰਕ ਤੇ ਚੌਗਿਰਦੇ ਸਬੰਧੀ ਕਦਰਾਂ-ਕੀਮਤਾਂ ਲਈ ਇਕ ਸੰਭਵ ਬਾਘ ਆਬਾਦੀ ਯਕੀਨੀ ਬਣਾਈ ਹੈ। ਆਓ ਅਸੀਂ ਇਸ ਸ਼ਾਨਦਾਰ ਜਾਨਵਰ ਦੀ ਰਾਖੀ ਕਰਨਾ ਜਾਰੀ ਰੱਖੀਏ।’
ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ CBI ਦੀ ਜ਼ਿੰਮੇਵਾਰੀ, ਕੋਈ ਵੀ ਭ੍ਰਿਸ਼ਟਾਚਾਰੀ ਬਚਣਾ ਨਹੀਂ ਚਾਹੀਦਾ: PM ਮੋਦੀ
NEXT STORY