ਨਵੀਂ ਦਿੱਲੀ- ਪੰਜਾਬ ਨੈਸ਼ਨਲ ਬੈਂਕ ਨਾਲ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਧੋਖਾਦੇਹੀ ਦੇ ਮਾਮਲੇ ’ਚ ਲੋੜੀਂਦੇ ਭਗੌੜੇ ਮੇਹੁਲ ਚੋਕਸੀ ਦੀ ਭਾਰਤ ਨੂੰ ਹਵਾਲਗੀ ਦੀ ਪ੍ਰਕਿਰਿਆ ਦੌਰਾਨ ਕੇਂਦਰੀ ਗ੍ਰਹਿ ਮੰਤਰਾਲਾ ਨੇ ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ ’ਚ ਸਾਫ਼ ਪਾਣੀ ਤੇ ਜ਼ਰੂਰੀ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਹੈ । ਬੈਲਜੀਅਮ ਸਰਕਾਰ ਨੂੰ ਜੇਲ ਪ੍ਰਣਾਲੀ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ । ਇਸ ਸਬੰਧ ’ਚ ਪ੍ਰਗਟਾਈਆਂ ਗਈਆਂ ਸਾਰੀਆਂ ਚਿੰਤਾਵਾਂ ਦਾ ਜਵਾਬ ਵੀ ਦਿੱਤਾ ਗਿਆ ਹੈ।
ਹੀਰਾ ਕਾਰੋਬਾਰੀ ਮੇਹੁਲ ਚੋਕਸੀ 7 ਸਾਲ ਪਹਿਲਾਂ 2018 ’ਚ ਦੇਸ਼ ਛੱਡ ਕੇ ਫਰਾਰ ਹੋ ਗਿਆ ਸੀ ਪਰ ਉਸ ਤੋਂ ਇਕ ਸਾਲ ਪਹਿਲਾਂ 2017 ’ਚ ਉਸ ਨੇ ਐਂਟੀਗੁਆ-ਬਾਰਬੂਡਾ ਦੀ ਨਾਗਰਿਕਤਾ ਲੈ ਲਈ ਸੀ।
ਚੋਕਸੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਭਾਰਤ ’ਚ ਆਉਣ ਤੋਂ ਇਨਕਾਰ ਕਰ ਰਿਹਾ ਹੈ। ਮਾਮਲੇ ਦੀ ਸੁਣਵਾਈ ਦੌਰਾਨ ਉਹ ਸਿਰਫ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋ ਰਿਹਾ ਹੈ। ਇਸ ਮਾਮਲੇ ’ਚ ਸਰਕਾਰ ਨੇ ਉਸ ਦੀਆਂ ਕਈ ਜਾਇਦਾਦਾਂ ਵੀ ਜ਼ਬਤ ਕਰ ਲਈਆਂ ਹਨ।
ਇਹ ਵੀ ਪੜ੍ਹੋ- ਜੰਗ ਦੌਰਾਨ ਜਾਨ ਬਚਾਉਣ ਲਈ ਦੇਸ਼ ਛੱਡ ਭੱਜ ਗਈ ਕੁੜੀ, ਟ੍ਰੇਨ 'ਚ ਬੈਠੀ ਨੂੰ ਦਿੱਤੀ ਰੂਹ ਕੰਬਾਊ ਮੌਤ
ਚੋਕਸੀ ਨੂੰ ਭਾਰਤੀ ਜਾਂਚ ਏਜੰਸੀਆਂ ਦੀ ਹਵਾਲਗੀ ਦੀ ਅਪੀਲ ’ਤੇ 12 ਅਪ੍ਰੈਲ ਨੂੰ ਬੈਲਜੀਅਮ ’ਚ ਗ੍ਰਿਫਤਾਰ ਕੀਤਾ ਗਿਆ ਸੀ। ਚੋਕਸੀ ਦੇ ਨਾਲ ਹੀ ਉਸ ਦਾ ਭਤੀਜਾ ਨੀਰਵ ਮੋਦੀ ਵੀ ਇਸ ਮਾਮਲੇ ’ਚ ਇਕ ਮੁਲਜ਼ਮ ਹੈ।
ਸੂਤਰਾਂ ਅਨੁਸਾਰ ਗ੍ਰਹਿ ਮੰਤਰਾਲਾ ਨੇ ਬੈਲਜੀਅਮ ਦੇ ਨਿਆਂ ਮੰਤਰਾਲਾ ਨੂੰ ਇਕ ਚਿੱਠੀ ਭੇਜ ਕੇ ਭਰੋਸਾ ਦਿੱਤਾ ਕਿ ਜੇ ਚੋਕਸੀ ਦੀ ਭਾਰਤ ’ਚ ਹਵਾਲਗੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ ’ਚ ਰੱਖਣ ਦੀ ਯੋਜਨਾ ਹੈ।
ਗ੍ਰਹਿ ਮੰਤਰਾਲੇ ਨੇ ਇਹ ਭਰੋਸਾ ਵੀ ਦਿੱਤਾ ਹੈ ਕਿ ਚੋਕਸੀ ਨੂੰ ਕਾਨੂੰਨੀ ਸਹਾਇਤਾ ਵੀ ਦਿੱਤੀ ਜਾਵੇਗੀ। ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ ਦੀ ਬੈਰਕ ਨੰਬਰ 12 ’ਚ ਰੱਖਿਆ ਜਾਵੇਗਾ। ਇਸ ਬੈਰਕ ’ਚ 6 ਵਿਅਕਤੀਆਂ ਦੇ ਰਹਿਣ ਦੀ ਸਮਰੱਥਾ ਹੈ। ਸੌਣ ਲਈ ਉਸ ਨੂੰ ਇਕ ਸਾਫ਼ ਮੋਟੀ ਸੂਤੀ ਚਟਾਈ, ਸਿਰਹਾਣਾ, ਬਿਸਤਰੇ ਦੀ ਚਾਦਰ ਤੇ ਕੰਬਲ ਮਿਲੇਗਾ।
ਉਸ ਨੂੰ ਪੀਣ ਵਾਲਾ ਸਾਫ਼ ਪਾਣੀ ਤੇ ਡਾਕਟਰੀ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਲੋੜ ਹੋਵੇ ਤਾਂ ਡਾਕਟਰਾਂ ਦੀ ਸਲਾਹ ’ਤੇ ਜਾਂ ਅਦਾਲਤ ਦੇ ਹੁਕਮਾਂ ’ਤੇ ਉਸ ਨੂੰ ਲੱਕੜ ਦਾ ਬੈੱਡ ਵੀ ਪ੍ਰਦਾਨ ਕੀਤਾ ਜਾ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
G20 ਦੇਸ਼ਾਂ 'ਚੋਂ ਸਭ ਤੋਂ ਘੱਟ ਹੈ ਭਾਰਤ ਦੀ ਬੇਰੁਜ਼ਗਾਰੀ ਦਰ : ਮਾਂਡਵੀਆ
NEXT STORY