ਮੁੰਬਈ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਖੋਜਾਂ ’ਚ ਅਰਬਾਂ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਮੁੰਬਈ ’ਚ ਐਸਟ੍ਰੋਨੌਮੀ ਅਤੇ ਐਸਟ੍ਰੋਫਿਜ਼ਿਕਸ ’ਤੇ 18ਵੇਂ ਅੰਤਰਰਾਸ਼ਟਰੀ ਓਲੰਪਿਆਡ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ’ਚ ਪ੍ਰੰਪਰਾ ਅਤੇ ਨਵੀਨਤਾ ਦਾ ਸੁਮੇਲ ਹੈ। ਉਨ੍ਹਾਂ ਕਿਹਾ, “ਭਾਰਤ ਕੋਲ ਦੁਨੀਆ ਦੀਆਂ ਸਭ ਤੋਂ ਉੱਚੀਆਂ ਖਗੋਲ-ਵਿਗਿਆਨਕ ਆਬਜ਼ਰਵੇਟਰੀਜ਼ ’ਚੋਂ ਇਕ ਲੱਦਾਖ ’ਚ ਸਥਿਤ ਹੈ। ਤਾਰਿਆਂ ’ਤੇ ਅਧਿਐਨ ਕਰਨ ਲਈ ਇਹ ਆਬਜ਼ਰਵੇਟਰੀ ਸਮੁੰਦਰੀ ਤਲ ਤੋਂ 4500 ਮੀਟਰ ਦੀ ਉਚਾਈ ’ਤੇ ਸਥਿਤ ਹੈ।’’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਨਾਲ ਸਿੱਖਣ ਅਤੇ ਨਵੀਨਤਾ ਦੇ ਸੱਭਿਆਚਾਰ ਦਾ ਨਿਰਮਾਣ ਹੋ ਰਿਹਾ ਹੈ। ਗਿਆਨ ਤੱਕ ਪਹੁੰਚ ਨੂੰ ਹੋਰ ਜ਼ਿਆਦਾ ਲੋਕਤੰਤਰਿਕ ਬਣਾਉਣ ਲਈ ਅਸੀਂ ‘ਵਨ ਨੇਸ਼ਨ ਵਨ ਸਬਸਕ੍ਰਿਪਸ਼ਨ’ ਯੋਜਨਾ ਸ਼ੁਰੂ ਕੀਤੀ ਹੈ। ਇਹ ਲੱਖਾਂ ਵਿਦਿਆਰਥੀਆਂ ਅਤੇ ਖੋਜੀਆਂ ਨੂੰ ਵੱਕਾਰੀ ਅੰਤਰਰਾਸ਼ਟਰੀ ਮੈਗਜ਼ੀਨਾਂ ਤੱਕ ਮੁਫਤ ਪਹੁੰਚ ਪ੍ਰਦਾਨ ਕਰਦੀ ਹੈ।’’
ਉਨ੍ਹਾਂ ਕਿਹਾ ਕਿ ਭਾਰਤ ਐੱਸ. ਟੀ. ਈ. ਐੱਮ. ਖੇਤਰ ’ਚ ਔਰਤਾਂ ਦੀ ਹਿੱਸੇਦਾਰੀ ਦੇ ਮਾਮਲੇ ’ਚ ਇਕ ਮੋਹਰੀ ਦੇਸ਼ ਹੈ। ਉਨ੍ਹਾਂ ਕਿਹਾ, “ਅਸੀਂ ਪੂਰੀ ਦੁਨੀਆ ’ਚੋਂ ਤੁਹਾਡੇ ਵਰਗੀਆਂ ਨੌਜਵਾਨ ਪ੍ਰਤਿਭਾਵਾਂ ਨੂੰ ਭਾਰਤ ’ਚ ਅਧਿਐਨ, ਖੋਜ ਅਤੇ ਸਹਿਯੋਗ ਲਈ ਸੱਦਾ ਦਿੱਤਾ। ਕੌਣ ਜਾਣਦਾ ਹੈ, ਹੋ ਸਕਦਾ ਹੈ ਕਿ ਅਗਲੀ ਵੱਡੀ ਵਿਗਿਆਨੀ ਖੋਜ ਅਜਿਹੀਆਂ ਹਿੱਸੇਦਾਰੀਆਂ ਤੋਂ ਹੀ ਜਨਮ ਲੈਣ।’’
ਮੋਦੀ ਨੇ ਕਿਹਾ, “ਜਿਵੇਂ-ਜਿਵੇਂ ਅਸੀਂ ਬ੍ਰਹਿਮੰਡ ਦੀ ਪੜਚੋਲ ਕਰਦੇ ਹਾਂ, ਸਾਨੂੰ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਪੁਲਾੜ ਵਿਗਿਆਨ ਧਰਤੀ ’ਤੇ ਲੋਕਾਂ ਦੇ ਜੀਵਨ ਨੂੰ ਹੋਰ ਕਿਵੇਂ ਬਿਹਤਰ ਬਣਾ ਸਕਦਾ ਹੈ, ਕਿਸਾਨਾਂ ਨੂੰ ਕਿਵੇਂ ਅਤੇ ਮੌਸਮ ਦੇ ਸਟੀਕ ਅਗਾਊਂ ਅੰਦਾਜ਼ੇ ਮੁਹੱਈਆ ਕਰਵਾਏ ਜਾ ਸਕਦੇ ਹਨ, ਕੀ ਅਸੀਂ ਦੂਰ-ਦੁਰਾਡੇ ਦੇ ਖੇਤਰਾਂ ਲਈ ਬਿਹਤਰ ਸੰਚਾਰ ਪ੍ਰਣਾਲੀ ਬਣਾ ਸਕਦੇ ਹਾਂ?’’
ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਵੀ ਸ਼ਲਾਘਾ ਕੀਤੀ, ਜੋ ਹਾਲ ਹੀ ’ਚ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਦੇ 18 ਦਿਨਾ ਸਫਲ ਮਿਸ਼ਨ ਤੋਂ ਪਰਤੇ ਹਨ।
ਕੌਮਾਂਤਰੀ ਸਹਿਯੋਗ ਦੀ ਸ਼ਕਤੀ ’ਚ ਵਿਸ਼ਵਾਸ ਕਰਦਾ ਹੈ ਦੇਸ਼
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਭਾਰਤ ਕੌਮਾਂਤਰੀ ਸਹਿਯੋਗ ਦੀ ਸ਼ਕਤੀ ’ਚ ਵਿਸ਼ਵਾਸ ਕਰਦਾ ਹੈ।’’ ਵਿਗਿਆਨ ਦੇ ਖੇਤਰ ’ਚ ਭਾਰਤ ਦੀਆਂ ਪ੍ਰਾਪਤੀਆਂ ’ਤੇ ਮੋਦੀ ਨੇ ਕਿਹਾ, “ਅਸੀਂ ਚੰਦਰਮਾ ਦੇ ਦੱਖਣੀ ਧਰੁਵ ਦੇ ਕੋਲ ਸਫਲਤਾਪੂਰਵਕ ਉੱਤਰਣ ਵਾਲੇ ਪਹਿਲੇ ਦੇਸ਼ ਸੀ। ਭਾਰਤ ਵਿਗਿਆਨਕ ਉਤਸੁਕਤਾ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਟਲ ਟਿੰਕਰਿੰਗ ਲੈਬਸ ’ਚ ਇਕ ਕਰੋਡ਼ ਤੋਂ ਵੱਧ ਵਿਦਿਆਰਥੀ ਵਿਹਾਰਕ ਪ੍ਰਯੋਗਾਂ ਰਾਹੀਂ ਐੱਸ. ਟੀ. ਈ. ਐੱਮ. (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਧਾਰਨਾਵਾਂ ਨੂੰ ਸਮਝ ਰਹੇ ਹਨ।’’
ਅਹਿਮਦਾਬਾਦ ਜਹਾਜ਼ ਹਾਦਸੇ 'ਚ ਮਾਂ ਨੂੰ ਗੁਆਇਆ, ਹੁਣ ਇਸ ਵਿਅਕਤੀ ਨੇ ਬੋਇੰਗ ਖਿਲਾਫ ਦਾਇਰ ਕੀਤਾ ਕੇਸ
NEXT STORY