ਨਵੀਂ ਦਿੱਲੀ (ਏਜੰਸੀ)- ਭਾਰਤ ਅਤੇ ਜਾਪਾਨ ਨੇ ਦੁਵੱਲੇ ਸਬੰਧਾਂ ਨੂੰ ਨਵੀਂ ਮਜ਼ਬੂਤੀ ਦਿੰਦੇ ਹੋਏ ਰੱਖਿਆ, ਆਰਥਿਕ ਸੁਰੱਖਿਆ, ਊਰਜਾ, ਏ. ਆਈ., ਨਿਵੇਸ਼ ਅਤੇ ਉਦਯੋਗਿਕ ਸਹਿਯੋਗ ਸਮੇਤ 5 ਪ੍ਰਮੁੱਖ ਖੇਤਰਾਂ ’ਚ ਮਹੱਤਵਪੂਰਨ ਸਮਝੌਤਿਆਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਈਚੀ ’ਚ ਹੋਈ ਸਿਖਰ ਵਾਰਤਾ ਤੋਂ ਬਾਅਦ ਇਨ੍ਹਾਂ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ ਗਈ। ਦੋਵਾਂ ਦੇਸ਼ਾਂ ਨੇ ਆਰਥਿਕ ਸੁਰੱਖਿਆ ’ਤੇ ਸਾਂਝਾ ਐਲਾਨ, ਫੌਜੀ ਉਪਕਰਣਾਂ ਦੇ ਸਾਂਝੇ ਵਿਕਾਸ ਲਈ ਰੱਖਿਆ ਸਮਝੌਤੇ, ਏ. ਆਈ. ’ਚ ਸਹਿਯੋਗ, ਊਰਜਾ ਸਪਲਾਈ ਲੜੀ ਨੂੰ ਮਜ਼ਬੂਤ ਬਣਾਉਣ ਤੇ ਜਹਾਜ਼ ਨਿਰਮਾਣ ਤੇ ਹਵਾਬਾਜ਼ੀ ਖੇਤਰ ’ਚ ਸਹਿਯੋਗ ਦੀ ਨਵੀਂ ਰੂਪ-ਰੇਖਾ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ ਸਵੱਛ ਊਰਜਾ, ਖੋਜ ਅਤੇ ਵਿਕਾਸ, ਫਾਰਮਾ, ਮੈਡੀਕਲ ਉਪਕਰਣ ਤੇ ਬਾਇਓ ਟੈਕਨਾਲੋਜੀ ਖੇਤਰਾਂ ’ਚ ਵੀ ਕਈ ਸਮਝੌਤੇ ਪੱਤਰਾਂ (ਐੱਮ. ਓ. ਯੂ.) ’ਤੇ ਦਸਤਖ਼ਤ ਹੋਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਭਾਰਤ ਅਤੇ ਜਾਪਾਨ ਨੇ ਸੈਮੀਕੰਡਕਟਰ, ਉੱਨਤ ਟੈਕਨਾਲੋਜੀ ਅਤੇ ਆਧੁਨਿਕ ਸਮੱਗਰੀਆਂ ਵਰਗੇ ਰਣਨੀਤਕ ਖੇਤਰਾਂ ’ਚ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਲਈ ਸਾਂਝਾ ਆਰਥਿਕ ਸੁਰੱਖਿਆ ਢਾਂਚਾ ਤਿਆਰ ਕੀਤਾ ਹੈ। ਊਰਜਾ ਖੇਤਰ ’ਚ ਦੋਵਾਂ ਦੇਸ਼ਾਂ ਨੇ ਭਾਰਤ-ਜਾਪਾਨ ਬਾਇਓਗੈਸ ਪਹਿਲ ਤਹਿਤ ਭਾਰਤ ’ਚ 1,000 ਬਾਇਓਗੈਸ ਅਤੇ ਜੈਵਿਕ ਖਾਦ ਪਲਾਂਟ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਬੈਟਰੀ, ਹਰੀ ਹਾਈਡ੍ਰੋਜਨ ਅਤੇ ਪ੍ਰਮਾਣੂ ਊਰਜਾ ਦੇ ਖੇਤਰ ’ਚ ਸਹਿਯੋਗ ਵਧਾਉਣ ’ਤੇ ਵੀ ਸਹਿਮਤੀ ਬਣੀ। ਰੱਖਿਆ ਖੇਤਰ ’ਚ ਦੋਵਾਂ ਦੇਸ਼ਾਂ ਨੇ ਪਹਿਲੇ ਸਾਂਝੇ ਰੱਖਿਆ ਵਿਕਾਸ ਪ੍ਰਾਜੈਕਟ ’ਤੇ ਦਸਤਖ਼ਤ ਕੀਤੇ। ਸਮੁੰਦਰੀ ਫੌਜ ਦੇ ਰੇਡੀਓ ਐਂਟੀਨਾ ਦੇ ਸਾਂਝੇ ਵਿਕਾਸ ਨਾਲ ਰੱਖਿਆ ਤਕਨੀਕ, ਸਮੁੰਦਰੀ ਸੁਰੱਖਿਆ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਰਣਨੀਤਕ ਸਹਿਯੋਗ ਨੂੰ ਨਵੀਂ ਮਜ਼ਬੂਤੀ ਮਿਲੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਪਿਛਲੇ ਇਕ ਸਾਲ ’ਚ ਭਾਰਤ ਅਤੇ ਜਾਪਾਨ ’ਚ 100 ਤੋਂ ਵੱਧ ਵਪਾਰਕ ਸਮਝੌਤੇ ਹੋਏ ਹਨ। ਉੱਥੇ ਹੀ ਜਾਪਾਨ ਨੇ ਅਗਲੇ 10 ਸਾਲਾਂ ’ਚ ਭਾਰਤ ’ਚ 6 ਲੱਖ ਕਰੋੜ ਰੁਪਏ ਨਿਵੇਸ਼ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ, ਜਿਸ ਨਾਲ ਨਿਰਮਾਣ, ਬੁਨਿਆਦੀ ਢਾਂਚਾ ਅਤੇ ਉਦਯੋਗਿਕ ਵਿਕਾਸ ਨੂੰ ਰਫਤਾਰ ਮਿਲੇਗੀ। ਦੋਵਾਂ ਨੇਤਾਵਾਂ ਨੇ ਸੁਤੰਤਰ, ਖੁਸ਼ਹਾਲ ਅਤੇ ਨਿਯਮ-ਅਾਧਾਰਿਤ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੁਹਰਾਈ। ਨਾਲ ਹੀ ਸਾਲ 2027 ’ਚ ਭਾਰਤ-ਜਾਪਾਨ ਰਣਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਸਾਂਝੇ ਰੂਪ ’ਚ ਮਨਾਉਣ ’ਤੇ ਵੀ ਸਹਿਮਤੀ ਬਣੀ।
ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਨੇ ਕਿਹਾ ਕਿ ਦੋਵੇਂ ਦੇਸ਼ ਨਿਵੇਸ਼, ਖੋਜ ਅਤੇ ਤਕਨੀਕੀ ਸਹਿਯੋਗ ਜ਼ਰੀਏ ਆਰਥਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹਨ। ਉਨ੍ਹਾਂ ਨੇ ‘ਵਿਕਸਿਤ ਭਾਰਤ-2047’ ਦੇ ਟੀਚੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਜਾਪਾਨ ਭਵਿੱਖ ’ਚ ਨਿਵੇਸ਼ ਅਤੇ ਭਾਈਵਾਲੀ ਜ਼ਰੀਏ ਦੋਵਾਂ ਦੇਸ਼ਾਂ ਨੂੰ ਹੋਰ ਵੱਧ ਖੁਸ਼ਹਾਲ ਬਣਾਉਣ ਦੀ ਦਿਸ਼ਾ ’ਚ ਮਿਲ ਕੇ ਕੰਮ ਕਰਨਗੇ।
ਮੋਦੀ ਨੇ ਤਕਾਈਚੀ ਨੂੰ ਕਿਹਾ ‘ਛੋਟੀ ਭੈਣ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਜਾਪਾਨ ਸਿਖਰ ਵਾਰਤਾ ਤੋਂ ਬਾਅਦ ਸਾਂਝੇ ਪੱਤਰਕਾਰ ਸੰਮੇਲਨ ’ਚ ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਨੂੰ ‘ਮੇਰੀ ਛੋਟੀ ਭੈਣ’ ਕਹਿ ਕੇ ਸੰਬੋਧਨ ਕੀਤਾ। ਉਨ੍ਹਾਂ ਨੇ ਤਕਾਈਚੀ ਨੂੰ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਇਕ ਦੂਰਅੰਦੇਸ਼ੀ ਤੇ ਹਰਮਨਪਿਆਰੀ ਨੇਤਾ ਦੱਸਿਆ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦੇ ਹੋਏ ਕਿਹਾ, ‘‘ਮਹਾਮਹਿਮ ਤੇ ਮੇਰੀ ਛੋਟੀ ਭੈਣ ਪ੍ਰਧਾਨ ਮੰਤਰੀ ਤਕਾਈਚੀ, ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ, ਮੀਡੀਆ ਦੇ ਸਾਥੀਓ, ਨਮਸਕਾਰ! ਕੋਨਿਚੀਵਾ।’’ ਮੋਦੀ ਦੇ ਇਸ ਅਪਣੱਤ ਭਰੇ ਸੰਬੋਧਨ ਦਾ ਜਾਪਾਨੀ ਭਾਸ਼ਾ ’ਚ ਅਨੁਵਾਦ ਸੁਣਦੇ ਹੀ ਤਕਾਈਚੀ ਮੁਸਕਰਾ ਉੱਠੀ।
ਮੋਦੀ ਨੇ ਕਿਹਾ ਕਿ ਭਾਰਤ ਤੇ ਜਾਪਾਨ ਦੇ ਸਬੰਧ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ’ਤੇ ਅਾਧਾਰਿਤ ਹਨ ਅਤੇ ਦੋਵਾਂ ਦੇਸ਼ਾਂ ਨੂੰ ਸਾਂਝੀ ਬੌਧ ਵਿਰਾਸਤ, ਸੱਭਿਆਚਾਰਕ ਸਬੰਧਾਂ ਅਤੇ ਆਪਸੀ ਵਿਸ਼ਵਾਸ ਦੀ ਮਜ਼ਬੂਤ ਨੀਂਹ ਜੋੜਦੀ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਤਕਾਈਚੀ ਜਾਪਾਨ ਦੇ ਨਾਰਾ ਸੂਬੇ ਤੋਂ ਹੈ, ਜੋ ਭਾਰਤ-ਜਾਪਾਨ ਦੀ ਸਾਂਝੀ ਬੌਧ ਰਵਾਇਤ ਦਾ ਮਹੱਤਵਪੂਰਨ ਕੇਂਦਰ ਹੈ।
ਸੌਰ ਊਰਜਾ ਮੁਹਿੰਮ ਨੂੰ ਮਿਲਿਆ ਵਰਲਡ ਬੈਂਕ ਦਾ ਸਾਥ, ਰੁਜ਼ਗਾਰ ਵੀ ਵਧੇਗਾ
NEXT STORY