ਨਵੀਂ ਦਿੱਲੀ : ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਚ ਪ੍ਰਦਰਸ਼ਨਕਾਰੀਆਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਪਾਕਿਸਤਾਨ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਉੱਥੋਂ ਦੀ ਪੁਲਸ ਦੀ ਬੇਰਹਿਮੀ ਅਤੇ ਆਪਣੀਆਂ ਨਾਕਾਮੀਆਂ ਤੋਂ ਦੁਨੀਆ ਦਾ ਧਿਆਨ ਭਟਕਾਉਣ ਲਈ ਜਾਅਲੀ ਖ਼ਬਰਾਂ ਤੇ ਵੀਡੀਓਜ਼ ਦਾ ਸਹਾਰਾ ਲੈ ਰਿਹਾ ਹੈ।
ਇਕ ਪ੍ਰੈੱਸ ਕਾਨਫਰੰਸ 'ਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਵੱਲੋਂ ਲਗਾਤਾਰ ਝੂਠੀਆਂ ਖ਼ਬਰਾਂ ਅਤੇ ਵੀਡੀਓਜ਼ ਫੈਲਾਈਆਂ ਜਾ ਰਹੀਆਂ ਹਨ। ਇਹ ਪਾਕਿਸਤਾਨ ਦੀ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਇੱਕ ਨਾਕਾਮ ਕੋਸ਼ਿਸ਼ ਹੈ। ਪੀ.ਓ.ਕੇ. 'ਚ ਪੁਲਸ ਦੀ ਬੇਰਹਿਮੀ ਕਾਰਨ ਕਈ ਲੋਕ ਮਾਰੇ ਗਏ ਹਨ ਅਤੇ ਕਈ ਜ਼ਖਮੀ ਹਨ। ਅਸੀਂ ਉਮੀਦ ਕਰਦੇ ਹਾਂ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸ ਦੇ ਇਨ੍ਹਾਂ ਗਲਤ ਕਾਰਨਾਮਿਆਂ ਲਈ ਜਵਾਬਦੇਹ ਠਹਿਰਾਏਗਾ।"
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸਰਕਾਰ ਖ਼ਿਲਾਫ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਹੁਣ ਸਿਰਫ਼ ਰਾਵਲਾਕੋਟ ਤੱਕ ਸੀਮਤ ਨਹੀਂ ਰਿਹਾ, ਸਗੋਂ ਮੁਜ਼ੱਫਰਾਬਾਦ, ਮੀਰਪੁਰ, ਟਾਟਾ ਪਾਣੀ ਅਤੇ ਪਲੰਦਰੀ ਵਰਗੇ ਸ਼ਹਿਰਾਂ ਵਿੱਚ ਵੀ ਪ੍ਰਦਰਸ਼ਨਾਂ ਕਾਰਨ ਲਾਕਡਾਊਨ ਵਰਗੇ ਹਾਲਾਤ ਪੈਦਾ ਹੋ ਗਏ ਹਨ। ਪਲੰਦਰੀ 'ਚ ਸਥਾਨਕ ਕਾਰਕੁੰਨਾਂ ਨੇ ਮੇਨ ਰਸਤਿਆਂ ਨੂੰ ਜਾਮ ਕਰ ਦਿੱਤਾ, ਜਿਸ ਮਗਰੋਂ ਲੋਕਾਂ ਨੂੰ ਆਉਣ-ਜਾਣ 'ਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਆਈ ਖੁਸ਼ਖਬਰੀ! ਹਰਦੀਪ ਪੁਰੀ ਨੇ ਜਾਰੀ ਕੀਤਾ ਬਿਆਨ
NEXT STORY