ਨਵੀਂ ਦਿੱਲੀ – ਭਾਰਤੀ ਜ਼ਮੀਨੀ ਫੌਜ ਦੇ ਮੁਖੀ ਜਨਰਲ ਐੈੱਮ.ਐੱਮ. ਨਰਵਣੇ ਨੇ ਕਿਹਾ ਹੈ ਕਿ ਪਿਛਲੇ 3 ਮਹੀਨਿਆਂ ਤੋਂ ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਦਰਮਿਆਨ ਗੋਲੀਬੰਦੀ ਕਾਰਨ ਸ਼ਾਂਤੀ ਅਤੇ ਸੁਰੱਖਿਆ ਦੇ ਨਜ਼ਰੀਏ ਨੂੰ ਹੱਲਾਸ਼ੇਰੀ ਮਿਲੀ ਹੈ।
ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਦੋਹਾਂ ਗੁਆਂਢੀ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਆਮ ਵਰਗਾ ਬਣਾਉਣ ਦੀ ਦਿਸ਼ਾ ’ਚ ਇਹ ਇਕ ਲੰਬੀ ਰਾਹ ਦਾ ਪਹਿਲਾ ਕਦਮ ਹੈ। ਗੋਲੀਬੰਦੀ ਦਾ ਮਤਲਬ ਇਹ ਨਹੀਂ ਕਿ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਰੁਕ ਗਈ ਹੈ। ਇਹ ਭਰੋਸਾ ਕਰਨ ਦਾ ਕੋਈ ਕਾਰਨ ਨਹੀਂ ਕਿ ਪਾਕਿਸਤਾਨੀ ਫੌਜ ਵੱਲੋਂ ਐੱਲ.ਓ. ਸੀ. ’ਤੇ ਅੱਤਵਾਦੀ ਢਾਂਚੇ ਨੂੰ ਖਤਮ ਕਰ ਦਿੱਤਾ ਗਿਆ ਹੈ। ਫੌਜ ਮੁਖੀ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਘੁਸਪੈਠ ਦੇ ਯਤਨਾਂ ਅਤੇ ਅੱਤਵਾਦੀ ਘਟਨਾਵਾਂ ’ਚ ਕਮੀ ’ਚ ਨਿਰੰਤਰਤਾ ਭਾਰਤ ਨੂੰ ਚੰਗੇ ਗੁਆਂਢੀ ਵਰਗੇ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਬਾਰੇ ਪਾਕਿਸਤਾਨ ਦੇ ਇਰਾਦੇ ਸਬੰਧੀ ਭਰੋਸਾ ਦੇਵੇਗੀ। ਗੋਲੀਬੰਦੀ ਸਮਝੌਤੇ ਦੀ ਪਾਲਣਾ ਕਰਨ ਨਾਲ ਇਲਾਕੇ ’ਚ ਸ਼ਾਂਤੀ ਅਤੇ ਸੁਰੱਖਿਆ ਦੇ ਸਮੁੱਚੇ ਦ੍ਰਿਸ਼ਟੀਕੋਣ ’ਚ ਯਕੀਨੀ ਤੌਰ ’ਤੇ ਯੋਗਦਾਨ ਮਿਲਿਆ ਹੈ। ਇਲਾਕੇ ’ਚ ਸ਼ਾਂਤੀ ਵਾਲਾ ਮਾਹੌਲ ਤਿਆਰ ਕਰਨ ਦੀਆਂ ਸੰਭਾਵਨਾਵਾਂ ਉੱਜਵਲ ਹੋਈਆਂ ਹਨ।
ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਕੰਟਰੋਲ ਰੇਖਾ ’ਤੇ ਅਤੇ ਹੋਰਨਾਂ ਖੇਤਰਾਂ ’ਚ ਗੋਲੀਬੰਦੀ ਸਬੰਧੀ ਸਭ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਨ ਬਾਰੇ 25 ਫਰਵਰੀ ਨੂੰ ਸਹਿਮਤੀ ਪ੍ਰਗਟਾਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੰਮੂ-ਕਸ਼ਮੀਰ: ਧਮਾਕੇ ’ਚ ਧੀ ਤੋਂ ਬਾਅਦ ਮਾਂ ਦੀ ਵੀ ਮੌਤ
NEXT STORY