ਨੈਸ਼ਨਲ ਡੈਸਕ : ਭਾਰਤੀ ਹਵਾਈ ਸੈਨਾ (IAF) ਦੇ ਭਾਰੀ ਟਰਾਂਸਪੋਰਟ ਜਹਾਜ਼ IL-76MD ਨੇ ਪੂਰਬੀ ਲੱਦਾਖ ਵਿੱਚ ਸਥਿਤ ਨਯੋਮਾ ਏਅਰਬੇਸ 'ਤੇ ਉੱਤਰ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਹ ਜਹਾਜ਼ ਸਮੁੰਦਰ ਤਲ ਤੋਂ 13,629 ਫੁੱਟ ਦੀ ਉੱਚਾਈ 'ਤੇ ਸਫਲਤਾਪੂਰਵਕ ਲੈਂਡ ਹੋਇਆ, ਜੋ ਇਸ ਸ਼੍ਰੇਣੀ ਦੇ ਜਹਾਜ਼ ਲਈ ਦੁਨੀਆ ਵਿੱਚ ਸਭ ਤੋਂ ਉੱਚੀ ਲੈਂਡਿੰਗ ਹੈ। ਭਾਰਤੀ ਹਵਾਈ ਸੈਨਾ ਨੇ ਸੋਸ਼ਲ ਮੀਡੀਆ 'ਤੇ ਇਸ ਇਤਿਹਾਸਕ ਲੈਂਡਿੰਗ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਇਸ ਨੂੰ ਹਵਾਬਾਜ਼ੀ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਦੱਸਿਆ ਹੈ।
ਨਯੋਮਾ ਏਅਰਬੇਸ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (LAC) ਦੇ ਬਹੁਤ ਨੇੜੇ ਸਥਿਤ ਹੈ, ਜੋ ਡੈਮਚੋਕ ਸੈਕਟਰ ਅਤੇ ਪੈਂਗੌਂਗ ਤਸੋ ਦੇ ਦੱਖਣੀ ਕੰਢੇ ਦੇ ਨਜ਼ਦੀਕ ਹੈ। ਇਹ ਲੈਂਡਿੰਗ ਭਾਰਤ ਦੀ ਸਰਹੱਦੀ ਸੁਰੱਖਿਆ, ਫੌਜੀ ਤਾਇਨਾਤੀ ਅਤੇ ਫੌਜੀਆਂ ਤੱਕ ਜ਼ਰੂਰੀ ਸਾਮਾਨ ਤੇ ਭਾਰੀ ਹਥਿਆਰਾਂ ਨੂੰ ਤੇਜ਼ੀ ਨਾਲ ਪਹੁੰਚਾਉਣ ਦੀ ਸਮਰੱਥਾ ਨੂੰ ਵੱਡਾ ਹੁਲਾਰਾ ਦਿੰਦੀ ਹੈ। 13,629 ਫੁੱਟ ਦੀ ਉੱਚਾਈ 'ਤੇ ਹਵਾ ਪਤਲੀ ਹੋਣ ਕਾਰਨ ਜਹਾਜ਼ ਦੇ ਇੰਜਣ ਦੀ ਕਾਰਗੁਜ਼ਾਰੀ ਅਤੇ ਐਰੋਡਾਇਨਾਮਿਕ ਲਿਫਟ ਘਟ ਜਾਂਦੀ ਹੈ, ਪਰ ਰੂਸੀ ਮੂਲ ਦੇ ਚਾਰ ਇੰਜਣਾਂ ਵਾਲੇ IL-76MD ਨੇ ਆਪਣੇ ਬਹਿਤਰੀਨ ਪ੍ਰਦਰਸ਼ਨ ਅਤੇ ਪਾਇਲਟਾਂ ਦੀ ਮਹਾਰਤ ਨਾਲ ਇਹ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ।
ਇਸ ਏਅਰਬੇਸ ਦੀ ਰਨਵੇਅ ਲਗਭਗ 3 ਕਿਲੋਮੀਟਰ ਲੰਬੀ ਹੈ, ਜੋ ਲੜਾਕੂ ਜਹਾਜ਼ਾਂ ਅਤੇ ਭਾਰੀ ਮਿਲਟਰੀ ਟਰਾਂਸਪੋਰਟ ਜਹਾਜ਼ਾਂ ਦੇ ਸੰਚਾਲਨ ਲਈ ਤਿਆਰ ਕੀਤੀ ਗਈ ਹੈ। ਨਯੋਮਾ ਏਅਰਫੀਲਡ ਅਸਲ ਵਿੱਚ 1962 ਦੀ ਭਾਰਤ-ਚੀਨ ਜੰਗ ਦੌਰਾਨ ਤਿਆਰ ਕੀਤਾ ਗਿਆ ਸੀ ਅਤੇ ਸਤੰਬਰ 2009 ਵਿੱਚ An-32 ਜਹਾਜ਼ ਦੀ ਲੈਂਡਿੰਗ ਨਾਲ ਇਸ ਨੂੰ ਮੁੜ ਸੁਰਜੀਤ ਕੀਤਾ ਗਿਆ ਸੀ। ਅਗਸਤ 2023 ਵਿੱਚ 214 ਕਰੋੜ ਰੁਪਏ ਦੀ ਲਾਗਤ ਨਾਲ ਇਸ ਦਾ ਵਿਕਾਸ ਸ਼ੁਰੂ ਹੋਇਆ ਸੀ ਅਤੇ 12 ਨਵੰਬਰ 2025 ਨੂੰ ਇਸ ਦਾ ਰਸਮੀ ਉਦਘਾਟਨ ਕੀਤਾ ਗਿਆ ਸੀ। ਲੇਹ, ਕਾਰਗਿਲ ਅਤੇ ਥੋਇਸ ਤੋਂ ਬਾਅਦ ਇਹ ਲਦਾਖ ਵਿੱਚ ਭਾਰਤੀ ਵਾਯੂ ਸੈਨਾ ਦਾ ਚੌਥਾ ਮੁੱਖ ਏਅਰਬੇਸ ਬਣ ਗਿਆ ਹੈ। 2020 ਦੇ ਗਲਵਾਨ ਸੰਕਟ ਦੌਰਾਨ ਭਾਰਤੀ ਵਾਯੂ ਸੈਨਾ ਨੇ 68,000 ਤੋਂ ਵੱਧ ਫੌਜੀ, 90 ਟੈਂਕ ਅਤੇ 330 ਪੈਦਲ ਫੌਜ ਦੇ ਵਾਹਨ ਇਸ ਖੇਤਰ ਵਿੱਚ ਪਹੁੰਚਾਏ ਸਨ। ਹੁਣ ਨਯੋਮਾ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਨਾਲ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਫੌਜੀ ਤਾਇਨਾਤੀ ਦਾ ਸਮਾਂ ਹੋਰ ਘਟ ਜਾਵੇਗਾ।
ਸੂਰਜ ਦੇਵ ਦੀ ਕਿਰਪਾ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ ਕਰੇਗੀ ਮਾਲਾਮਾਲ ! 16 ਨਵੰਬਰ ਤੋਂ ਬਦਲ ਜਾਣਗੇ 'ਦਿਨ'
NEXT STORY