ਮੈਲਬੌਰਨ— ਆਸਟ੍ਰੇਲੀਆ 'ਚ ਰਹਿੰਦੇ ਇਕ ਭਾਰਤੀ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਅਦਾਲਤ ਨੇ ਉਸ ਨੂੰ 25 ਸਾਲਾਂ ਦੀ ਜੇਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ 44 ਸਾਲਾ ਡੌਗਲਸ ਡੈਰਿਕ ਨਾਂ ਦੇ ਵਿਅਕਤੀ ਨੇ ਜਨਵਰੀ 2017 'ਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ। ਅਦਾਲਤ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਮੈਰੀ ਫਰੀਮੈਨ 'ਤੇ ਇਸ ਤਰ੍ਹਾਂ ਹਮਲਾ ਕੀਤਾ ਜਿਵੇਂ ਉਸ ਨੂੰ ਪਾਗਲਪਨ ਦੇ ਦੌਰੇ ਪਏ ਹੋਣ। ਪੋਸਟ ਮਾਰਟਮ 'ਚ ਪਤਾ ਲੱਗਾ ਕਿ ਮੈਰੀ ਦੇ ਸਰੀਰ 'ਤੇ ਚਾਕੂ ਹਮਲੇ ਦੇ 12 ਨਿਸ਼ਾਨ ਸਨ, ਜਿਨ੍ਹਾਂ 'ਚੋਂ ਇਕ 10 ਸੈਂਟੀਮੀਟਰ ਡੂੰਘਾ ਸੀ।
ਇਸ ਦੇ ਚਾਰ ਕੁ ਮਹੀਨੇ ਪਹਿਲਾਂ ਹੀ ਡੈਰਿਕ ਨੇ ਮੈਰੀ ਨਾਲ ਵਿਆਹ ਕਰਵਾਇਆ ਸੀ ਪਰ ਡੈਰਿਕ ਇੰਨੇ ਗੁੱਸੇ ਵਾਲਾ ਸੀ ਕਿ ਮਹੀਨੇ ਮਗਰੋਂ ਹੀ ਦੋਹਾਂ 'ਚ ਝਗੜੇ ਹੋਣ ਲੱਗ ਗਏ ਸਨ। ਉਸ ਨੇ ਪਹਿਲੀ ਵਾਰ ਮਿਲਦਿਆਂ ਹੀ ਮੈਰੀ ਨੂੰ ਪ੍ਰਪੋਜ਼ ਕੀਤਾ ਅਤੇ ਛੇਤੀ ਵਿਆਹ ਕਰਵਾਉਣ ਦੀ ਜ਼ਿੱਦ ਕੀਤੀ। ਮੈਰੀ ਦੀ 16 ਸਾਲਾ ਧੀ ਨੇ ਕਿਹਾ ਕਿ ਉਸ ਦੀ ਮਾਂ ਨੇ ਡੈਰਿਕ 'ਤੇ ਭਰੋਸਾ ਕੀਤਾ ਪਰ ਉਸ ਨੇ ਉਸ ਦੀ ਕਦਰ ਨਾ ਕੀਤੀ। ਜਾਣਕਾਰੀ ਮੁਤਾਬਕ ਜਿਸ ਸਮੇਂ ਡੈਰਿਕ ਨੇ ਮੈਰੀ ਦਾ ਕਤਲ ਕੀਤਾ ਉਸ ਸਮੇਂ ਉਹ ਪਾਰਟਨਰ ਵੀਜ਼ੇ ਲਈ ਅਪਲਾਈ ਕਰ ਰਿਹਾ ਸੀ।

ਅਦਾਲਤ 'ਚ ਗਵਾਹਾਂ ਨੇ ਦੱਸਿਆ ਕਿ ਮੈਲਬੌਰਨ ਵਿਖੇ 27 ਜਨਵਰੀ, 2018 ਨੂੰ ਸਾਰੇ ਹਾਊਸ ਮੇਟ ਮਿਲ ਕੇ ਸ਼ਰਾਬ ਪੀ ਰਹੇ ਸਨ ਅਤੇ ਇਸ ਦੌਰਾਨ ਡੈਰਿਕ ਅਤੇ ਮੈਰੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਹਾਊਸ ਮੇਟਸ ਨੇ ਦੋਹਾਂ ਨੂੰ ਸਮਝਾਇਆ ਕਿ ਉਹ ਅੰਦਰ ਬੈਠ ਕੇ ਆਪਣੇ ਝਗੜਾ ਸੁਲਝਾ ਲੈਣ ਪਰ ਇੰਨੇ 'ਚ ਡੈਰਿਕ ਰਸੋਈ 'ਚੋਂ ਵੱਡਾ ਚਾਕੂ ਲੈ ਕੇ ਆਇਆ ਅਤੇ ਪਾਗਲਾਂ ਵਾਂਗ ਮੈਰੀ 'ਤੇ ਹਮਲਾ ਕਰਨ ਲੱਗਾ। ਸਭ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕਿਆ ਨਾ। ਮੈਰੀ ਦਰਦ ਨਾਲ ਚੀਕਦੀ ਰਹੀ ਅਤੇ ਡੈਰਿਕ ਵਾਰ-ਵਾਰ ਲੋਕਾਂ ਕੋਲੋਂ ਆਪਣੇ ਆਪ ਨੂੰ ਛੁਡਾਉਂਦਾ ਹੋਇਆ ਮੈਰੀ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਰਿਹਾ। ਮੈਰੀ 'ਤੇ 12 ਵਾਰ ਚਾਕੂ ਹਮਲੇ ਹੋਏ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਅਦਾਲਤ 'ਚ ਉਸ ਨੇ ਕਿਹਾ ਕਿ ਉਸ ਨੇ ਚਾਕੂ ਇਸ ਲਈ ਚੁੱਕਿਆ ਸੀ ਤਾਂ ਕਿ ਉਹ ਮੈਰੀ ਨੂੰ ਡਰਾ ਸਕੇ। ਉਹ ਪਿਛਲੇ 423 ਦਿਨਾਂ ਤੋਂ ਹਿਰਾਸਤ 'ਚ ਹੈ ਅਤੇ ਬਾਕੀ ਸਜ਼ਾ ਭੁਗਤਣ ਮਗਰੋਂ ਉਸ ਨੂੰ ਰਿਹਾਈ ਮਿਲੇਗੀ। ਅਦਾਲਤ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਮਗਰੋਂ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।
Election Diary : ਜਦੋਂ ਲਾਲੂ ਨੇ ਰੋਕਿਆ ਮੁਲਾਇਮ ਦਾ ਰਾਹ ਅਤੇ ਦੇਵੇਗੌੜਾ ਬਣੇ PM
NEXT STORY