ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲੇ ਦੇ ਮੌਰਾਨੀਪੁਰ ਕੋਤਵਾਲੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੰਸਪੈਕਟਰ ਸੁਧਾਕਰ ਸ਼ਾਕਿਆ ਸ਼ਿਕਾਇਤਕਰਤਾ ਦੇ ਨਾਲ ਆਏ ਇੱਕ ਵਿਅਕਤੀ ਨੂੰ ਗਾਲ੍ਹਾਂ ਕੱਢਦਾ ਅਤੇ ਕੁੱਟਦਾ ਨਜ਼ਰ ਆ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ। ਉਸ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ।
ਕੀ ਹੈ ਪੂਰਾ ਮਾਮਲਾ?
ਮੌਰਾਨੀਪੁਰ ਇਲਾਕੇ ਦੇ ਪਿੰਡ ਧਮਨਾ ਦਾ ਰਹਿਣ ਵਾਲਾ ਇੱਕ ਵਿਅਕਤੀ ਆਪਣੀ ਪਤਨੀ ਖ਼ਿਲਾਫ਼ ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਸੀ। ਉਸ ਦਾ ਦੋਸਤ ਸਤੇਂਦਰ ਵੀ ਉਸ ਦੇ ਨਾਲ ਸੀ। ਇੰਸਪੈਕਟਰ ਨੇ ਸਤੇਂਦਰ ਤੋਂ ਉਸ ਦੇ ਪਿਤਾ ਅਤੇ ਦਾਦਾ ਦੇ ਨਾਂ ਪੁੱਛ ਲਏ। ਨੌਜਵਾਨ ਆਪਣੇ ਦਾਦੇ ਦਾ ਨਾਮ ਨਾ ਦੱਸ ਸਕਿਆ ਤੇ ਕਿਹਾ ਕਿ ਉਸ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਦਾਦਾ ਜੀ ਦਾ ਦਿਹਾਂਤ ਹੋ ਗਿਆ ਸੀ।
ਇਸ 'ਤੇ ਇੰਸਪੈਕਟਰ ਗੁੱਸੇ 'ਚ ਆ ਗਿਆ ਅਤੇ ਗਾਲ੍ਹਾਂ ਕੱਢਣ ਲੱਗਾ। ਫਿਰ ਉਹ ਆਪਣੀ ਸੀਟ ਤੋਂ ਉੱਠਿਆ ਅਤੇ ਸਤੇਂਦਰ ਨੂੰ ਥੱਪੜ ਮਾਰ ਦਿੱਤੇ। ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੰਸਪੈਕਟਰ ਨੇ 41 ਸਕਿੰਟਾਂ ਵਿੱਚ 31 ਥੱਪੜ ਮਾਰੇ। ਕੁੱਟਮਾਰ ਦੌਰਾਨ ਪੀੜਤ ਨੇ ਪੁੱਛਿਆ ਕਿ ਤੁਸੀਂ ਮੈਨੂੰ ਕਿਉਂ ਕੁੱਟ ਰਹੇ ਹੋ? ਪਰ ਇੰਸਪੈਕਟਰ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਕੁੱਟਣਾ ਜਾਰੀ ਰੱਖਿਆ।
ਪੁਲਸ ਵਿਭਾਗ ਦੀ ਕਾਰਵਾਈ
ਵੀਡੀਓ ਵਾਇਰਲ ਹੋਣ ਤੋਂ ਬਾਅਦ ਝਾਂਸੀ ਦੇ ਐੱਸਪੀ ਦੇਹਤ ਗੋਪੀ ਨਾਥ ਸੋਨੀ ਨੇ ਇੰਸਪੈਕਟਰ ਸੁਧਾਕਰ ਸ਼ਾਕਿਆ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਪੀੜਤ ਕਾਫੀ ਦੇਰ ਤੱਕ ਥਾਣੇ ਵਿੱਚ ਬੈਠਿਆ ਰਿਹਾ। ਪੁਲਸ ਵਿਭਾਗ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ।
ਭਾਜਪਾ ਦੇ ਰਾਮ ਸ਼ਿੰਦੇ ਚੁਣੇ ਗਏ ਮਹਾਰਾਸ਼ਟਰ ਵਿਧਾਨ ਕੌਂਸਲ ਦੇ ਚੇਅਰਮੈਨ
NEXT STORY