ਨੈਸ਼ਨਲ ਡੈਸਕ– ਆਮ ਆਦਮੀ ਪਾਰਟੀ (ਆਪ) ਨੇ ਸਾਬਕਾ ਟੀ. ਵੀ. ਐਂਕਰ ਅਤੇ ਪੱਤਰਕਾਰ ਇਸੂਦਾਨ ਗੜ੍ਹਵੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਹੋਰ ਪੱਛੜੀਆਂ ਜਾਤਾਂ ਦੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਸੂਬੇ ਦੀ ਕੁੱਲ ਆਬਾਦੀ ਦਾ 48 ਫੀਸਦੀ ਹਿੱਸਾ ਹਨ। ਗੜ੍ਹਵੀ ਦਵਾਰਕਾ ਜ਼ਿਲੇ ਦੇ ਪਿਪਲੀਆ ਪਿੰਡ ਦੇ ਇਕ ਕਿਸਾਨ ਪਰਿਵਾਰ ਤੋਂ ਆਉਂਦੇ ਹਨ ਅਤੇ ਹੋਰ ਪੱਛੜੀਆਂ ਜਾਤਾਂ ਨਾਲ ਸਬੰਧ ਰੱਖਦੇ ਹਨ।
ਮੀਡੀਆ ਨੂੰ ਦਿੱਤੇ ਇੰਟਰਵਿਊ ’ਚ ਗੜ੍ਹਵੀ ਨੇ ਕਿਹਾ ਹੈ ਕਿ ਸਰਕਾਰ ਆਉਣ ’ਤੇ ਸੂਬੇ ’ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣਾ ਸਾਡੀ ਤਰਜੀਹ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਪਹਿਲੀ ਕੈਬਨਿਟ ’ਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਵਟਸਐਪ ਨੰਬਰ ਦਾ ਐਲਾਨ ਕਰਾਂਗੇ।
ਜੇਕਰ ਗੁਜਰਾਤ ਸਰਕਾਰ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਮੰਗੇਗਾ ਤਾਂ ਤੁਸੀਂ ਉਸ ਨੰਬਰ ’ਤੇ ਸੂਚਿਤ ਕਰ ਸਕਦੇ ਹੋ, ਅਗਲੇ ਹੀ ਦਿਨ ਅਸੀਂ ਅਜਿਹੇ ਅਫਸਰਾਂ ਨੂੰ ਜੇਲ ’ਚ ਸੁੱਟ ਦੇਵਾਂਗੇ। ਗੜ੍ਹਵੀ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ 1 ਮਾਰਚ 2023 ਤੋਂ ਪੂਰੇ ਗੁਜਰਾਤ ਨੂੰ 300 ਯੂਨਿਟ ਤੱਕ ਬਿਜਲੀ ਮੁਫਤ ਕਰ ਦੇਵਾਂਗੇ।
ਮੋਰਬੀ ਦੁਖਾਂਤ ਦੇ ਮੁਲਜ਼ਮਾਂ ਨੂੰ ਜੇਲ ’ਚ ਡੱਕ ਦੇਵਾਂਗੇ
ਗੜ੍ਹਵੀ ਨੇ ਕਿਹਾ ਕਿ ਮੋਰਬੀ ਦੁਖਾਂਤ ਲਈ ਸਿਰਫ਼ ਸੁਰੱਖਿਆ ਗਾਰਡਾਂ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਜੇਕਰ ਇੱਥੇ ‘ਆਪ’ ਦੀ ਸਰਕਾਰ ਹੁੰਦੀ ਅਤੇ ਕੋਈ ਮੰਤਰੀ ਦੋਸ਼ੀ ਪਾਇਆ ਜਾਂਦਾ ਤਾਂ ਉਹ ਵੀ ਜੇਲ ਜਾਂਦਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਕਿਵੇਂ ਚਲਾਇਆ ਜਾਵੇ।
ਉਨ੍ਹਾਂ ਕਿਹਾ ਕਿ ਸੂਰਤ ਅੱਗਨੀ ਕਾਂਡ, ਜਿਸ ’ਚ 22 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ, ਉਸ ’ਚ ਵੀ ਕੋਈ ਵੱਡੀ ਮੱਛੀ ਨਹੀਂ ਫੜੀ ਗਈ ਸੀ ਅਤੇ 15 ਮੁਲਜ਼ਮਾਂ ’ਚੋਂ 14 ਜੇਲ ਤੋਂ ਬਾਹਰ ਹਨ। ਕਿਸੇ ਮੰਤਰੀ ਜਾਂ ਸਿਆਸੀ ਆਗੂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਪੀੜਤਾਂ ਦੇ ਮਾਪਿਆਂ ਨੂੰ ਇਨਸਾਫ਼ ਲਈ ਗੁਜਰਾਤ ਹਾਈ ਕੋਰਟ ਜਾਣਾ ਪਿਆ। ਸਾਡੀ ਸਰਕਾਰ ’ਚ ਜੇਕਰ ਕੋਈ ਮੰਤਰੀ ਕਸੂਰਵਾਰ ਹੋਵੇਗਾ ਤਾਂ ਉਹ ਵੀ ਜੇਲ ਜਾਵੇਗਾ ਤੇ ਜੇਕਰ ਕੋਈ ਨਿਰਦੋਸ਼ ਹੈ ਤਾਂ ਅਜਿਹਾ ਵਿਅਕਤੀ ਸਾਡਾ ਦੁਸ਼ਮਣ ਵੀ ਹੋਵੇ, ਉਸ ਵੱਲ ਉਂਗਲ ਨਹੀਂ ਉਠਾਈ ਜਾ ਸਕਦੀ।
ਪੇਪਰ ਲੀਕ ਮਾਮਲੇ ’ਚ ਭਾਜਪਾ ’ਤੇ ਲਾਏ ਦੋਸ਼
ਜੂਨੀਅਰ ਕਲਰਕ ਦੀ ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ’ਚ ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ 2018 ’ਚ ਹੋਣੀ ਸੀ ਪਰ ਪੇਪਰ ਲੀਕ ਹੋ ਗਿਆ ਅਤੇ ਪ੍ਰੀਖਿਆ ਰੱਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੈਂ ਉਸ ਸਮੇਂ ਪੱਤਰਕਾਰ ਸੀ।
ਸਰਕਾਰ ਨੇ 2022 ’ਚ ਵੀ ਇਹ ਪ੍ਰੀਖਿਆ ਨਹੀਂ ਕਰਵਾਈ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਦੁਬਾਰਾ ਪੇਪਰ ਲੀਕ ਨਾ ਹੋ ਜਾਵੇ। ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ। ਕੀ ਨੌਜਵਾਨ ਹੁਣ ਉਨ੍ਹਾਂ ’ਤੇ ਭਰੋਸਾ ਕਰਨਗੇ ਜਾਂ ਸਾਡੇ ’ਤੇ ਭਰੋਸਾ ਕਰਨਗੇ? ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਭਾਜਪਾ ਵਰਕਰਾਂ ਵੱਲੋਂ ਪੇਪਰ ਲੀਕ ਕੀਤਾ ਜਾਵੇਗਾ। ਨੌਜਵਾਨਾਂ ਨੂੰ ਹੁਣ ਸਰਕਾਰ ’ਤੇ ਭਰੋਸਾ ਨਹੀਂ ਹੈ। ਉਹ ਆਮ ਆਦਮੀ ਪਾਰਟੀ ਦੇ ਗੁਜਰਾਤ ਕੇਡਰ ’ਚ ਵਿਸ਼ਵਾਸ਼ ਰੱਖਦੇ ਹਨ। ਉਹ ਅਤੇ ਉਨ੍ਹਾਂ ਦੇ ਪਰਿਵਾਰ ਸਾਨੂੰ ਵੋਟ ਪਾਉਣ ਜਾ ਰਹੇ ਹਨ।
ਕੇਜਰੀਵਾਲ ਬੋਲੇ- ਸਾਰੇ ਸਰਵੇ ਹੋਣਗੇ ਫੇਲ
ਇਸ ਦਰਮਿਆਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਅੰਦਰ ਸਾਰੇ ਸਰਵੇ ਫੇਲ ਹੋ ਜਾਣਗੇ ਅਤੇ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਿਰਫ਼ ਸੀ. ਐੱਮ. ਉਮੀਦਵਾਰ ਐਲਾਨ ਨਹੀਂ ਕਰ ਰਹੇ ਸਗੋਂ ਗੁਜਰਾਤ ਦੇ ਅਗਲੇ ਸੀ. ਐੱਮ. ਦੇ ਨਾਂ ਦਾ ਐਲਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਕੋਈ ਨਵੀਂ ਪਾਰਟੀ ਆਉਂਦੀ ਹੈ ਤਾਂ ਕੋਈ ਵੀ ਸਰਵੇ ਸਹੀ ਭਵਿੱਖਬਾਣੀ ਨਹੀਂ ਕਰ ਪਾਉਂਦਾ। ਦਿੱਲੀ ਇਸ ਦੀ ਉਦਾਹਰਣ ਹੈ। ਗੁਜਰਾਤ ’ਚ ਵੀ ਸਾਰੇ ਸਰਵੇ ਫੇਲ ਹੋ ਜਾਣਗੇ ਅਤੇ ‘ਆਪ’ ਦੀ ਸਰਕਾਰ ਬਣੇਗੀ।
ਗੁਜਰਾਤ ਨੂੰ ਬਦਨਾਮ ਕਰਨ ਵਾਲੇ ਵਿਧਾਨ ਸਭਾ ਚੋਣਾਂ ’ਚ ਸੂਬੇ ਤੋਂ ਬਾਹਰ ਭੇਜ ਦਿੱਤੇ ਜਾਣਗੇ : ਮੋਦੀ
NEXT STORY